पंजाबी के प्रतिष्ठित साहित्यकार एवं अनुवादक अमरजीत कौंके जी (Amarjeet Kaunke) ने मेरी कहानी "घर से भागी हुई लड़की" का पंजाबी में बेहतरीन अनुवाद किया है जो पंजाबी की प्रसिद्ध पत्रिका 'अख्खर' के जनवरी-मार्च 2024 अंक में प्रकाशित हुआ है।
🚩अमरजीत कौंके जी का हार्दिक आभार 🙏
🚩पत्रिका 'अख्खर' के संपादक एवं संपादकीय टीम को हार्दिक धन्यवाद🙏
🌷पंजाबी भाषा की जानकार साथियों के लिए कहानी का पंजाबी टेक्स्ट साभार यहां दे रही हूं जो अमरजीत कौंके जी ने मुझे प्रेषित किया है ...👇
...................................
ਹਿੰਦੀ ਕਹਾਣੀ
ਘਰ ਤੋਂ ਭੱਜੀ ਹੋਈ ਕੁੜੀ
ਡਾ. ਸ਼ਰਦ ਸਿੰਘ
ਪੰਜਾਬੀ ਅਨੁਵਾਦ : ਡਾ. ਅਮਰਜੀਤ ਕੌਂਕੇ ( 98142 31698)
ਇਹ ਕਹਾਣੀ ਉਸ ਮੋੜ ਤੋਂ ਸ਼ੁਰੂ ਹੁੰਦੀ ਹੈ ਜਿਸ ਮੋੜ ਉੱਤੇ ਪਹੁੰਚ ਕੇ ਲੋਕ ਮੰਨ ਲੈਂਦੇ ਹਨ ਕਿ ਹੁਣ ਸਭ ਕੁੱਝ ਠੀਕ ਹੋ ਗਿਆ ਹੈ , ਲੱਗਭੱਗ ਪਹਿਲਾਂ ਵਰਗਾ । ਪਰ ਅਸਲੀਅਤ ਇਸਤੋਂ ਪਰੇ ਹੁੰਦੀ ਹੈ । ਠੀਕ ਇਸ ਮੋੜ ਤੋਂ ਉਹ ਯਾਤਰਾ ਸ਼ੁਰੂ ਹੁੰਦੀ ਹੈ ਜਿਸ ਵਿੱਚ ਕਦੇ ਕੁੱਝ ਠੀਕ ਨਹੀਂ ਹੋ ਪਾਉਂਦਾ ਹੈ . . . . ਸ਼ਾਇਦ । ਉਸਦੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਜਿਸਦਾ ਨਾਮ ਹੈ ਸੁਧਾ । ਉਸਦਾ ਇੱਕ ਅਤੀਤ ਹੈ ਅਤੇ ਇੱਕ ਭਵਿੱਖ । ਇਸ ਅਤੀਤ ਅਤੇ ਭਵਿੱਖ ਦੇ ਵਿੱਚ ਉਸਦਾ ਵਰਤਮਾਨ ਜਿਵੇਂ ਕਿਤੇ ਗੁਆਚ ਗਿਆ ਹੈ । ਠੀਕ ਉਸੇ ਮੋੜ ਉੱਤੇ ਜਿੱਥੇ ਉਸਨੇ ਆਪਣੇ ਭਵਿੱਖ ਦੇ ਸੁੰਦਰ ਸਪਨੇ ਬੁਣੇ ਸਨ । ਉਨ੍ਹਾਂ ਸੁਪਨਿਆਂ ਵਿੱਚ ਉਸਦਾ ਆਪਣਾ ਪਿਆਰਾ ਰਾਜਕੁਮਾਰ ਸੀ , ਖੁਸ਼ੀਆਂ ਸੀ ਅਤੇ ਉਹ ਸਭ ਕੁੱਝ ਸੀ ਜੋ ਉਹ ਚਾਹੁੰਦੀ ਸੀ । ਉਨ੍ਹਾਂ ਸੁਪਨਿਆਂ ਨੂੰ ਵੇਖਦੇ ਸਮਾਂ ਸੁਧਾ ਇਹ ਭੁੱਲ ਗਈ ਸੀ ਕਿ ਸੁਪਨਿਆਂ ਦਾ ਅਸਤਿਤਵ ਨੀਂਦ ਤੱਕ ਹੀ ਸੀਮਿਤ ਹੁੰਦਾ ਹੈ । ਨੀਂਦ ਟੁੱਟੀ ਤਾਂ ਸਪਨੇ ਗਾਇਬ । ਕਹਿਣ ਨੂੰ ਤਾਂ ਲੋਕ ਇਹ ਵੀ ਕਹਿੰਦੇ ਹਨ ਕਿ ਜਾਗਦੀਆਂ ਅੱਖਾਂ ਨਾਲ ਵੇਖੇ ਗਏ ਸਪਨੇ ਸੱਚ ਹੁੰਦੇ ਹੈ ਪਰ ਸੁਧਾ ਨੇ ਸੌਂਦੇ ਜਾਗਦੇ ਹਰ ਸਮੇਂ ਜੋ ਸਪਨੇ ਵੇਖੇ , ਉਨ੍ਹਾਂ ਵਿਚੋਂ ਇੱਕ ਵੀ ਸੱਚ ਨਹੀਂ ਹੋਇਆ......ਇੱਕ ਵੀ ਨਹੀਂ !
ਸੁਧਾ ਹੁਣ ਵਿਆਹੀ ਹੋਈ ਹੈ । ਉਸਦੇ ਜੀਵਨ ਦੇ ਸਾਰੇ ਅਧਿਕਾਰ ਪਤੀ ਰੂਪੀ ਪੁਰਖ ਨੂੰ ਸੌਂਪੇ ਜਾ ਚੁੱਕੇ ਹਨ । ਸੁਧਾ ਨੇ ਉਸਨੂੰ ਆਪਣੀ ਇੱਛਾ ਨਾਲ ਕਦੇ ਕੁੱਝ ਨਹੀਂ ਸਪੁਰਦ ਨਹੀਂ ਕੀਤਾ, ਜੋ ਕੁੱਝ ਕੀਤਾ ਉਹ ਉਸਦੇ ਮਾਤਾ ਪਿਤਾ ਨੇ ਸਪੁਰਦ ਕੀਤਾ । ਜਿਵੇਂ ਕੋਈ ਪਸ਼ੂ-ਮਾਲਿਕ ਆਪਣੇ ਪਸ਼ੁ ਨੂੰ ਕਿਸੇ ਹੋਰ ਦੇ ਹਵਾਲੇ ਕਰਦੇ ਸਮੇਂ ਪਸ਼ੂ ਦੇ ਨਾਲ ਜੋ ਕੁੱਝ ਦੇਣਾ ਚਾਹੁੰਦਾ ਹੈ, ਦੇ ਦਿੰਦਾ ਹੈ ਅਤੇ ਨਾਲ ਹੀ ਇਹ ਵੀ ਤਾਕੀਦ ਕਰ ਦਿੰਦਾ ਹੈ ਕਿ ‘ਇਹ ਪਸ਼ੂ ਅੱਜ ਤੋਂ ਤੁਹਾਡਾ ਹੋਇਆ, ਤੁਸੀਂ ਜਿਵੇਂ ਚਾਹੋ ਇਸਦਾ ਇਸਤੇਮਾਲ ਕਰ ਸੱਕਦੇ ਹੋ ! ’
ਜੇਕਰ ਪਸ਼ੂ ਮਾਲਿਕ ਲਈ ਬੇਕਾਰ ਹੋਵੇ ਤਾਂ ਉਸਨੂੰ ਦੂਜੇ ਨੂੰ ਸੌੰਪਦੇ ਹੋਏ ਉਸਨੂੰ ਜੋ ਪ੍ਰਸੰਨਤਾ ਹੁੰਦੀ ਹੈ, ਉਹੀ ਸੁਧਾ ਦੇ ਮਾਤਾ-ਪਿਤਾ ਨੂੰ ਵੀ ਹੋਈ ਸੀ । ਸੁਧਾ ਉਨ੍ਹਾਂ ਦੇ ਲਈ ਬੇਕਾਰ ਹੋਣ ਦੇ ਨਾਲ ਹੀ ਦੁਖਦਾਈ ਵੀ ਸੀ । ਉਨ੍ਹਾਂ ਦੇ ਦੁੱਖ ਦਾ ਛੁਟਕਾਰਾ ਉਦੋਂ ਸੰਭਵ ਸੀ ਜਦੋਂ ਉਹ ਸੁਧਾ ਨੂੰ ਆਪਣੇ ਘਰੋਂ ਕਿਸੇ ਨਾ ਕਿਸੇ ਦੇ ਨਾਲ ਵਿਦਾ ਕਰ ਦਿੰਦੇ । ਉਨ੍ਹਾਂ ਨੇ ਇਹੀ ਤਾਂ ਕੀਤਾ । ਉਨ੍ਹਾਂ ਨੂੰ ਰੀਤੇਸ਼ ਦੀ ਸਹਿਮਤੀ ਕਿਸੇ ਦੇਵਤੇ ਦੇ ਵਰਦਾਨ ਤੋਂ ਘੱਟ ਨਹੀਂ ਲੱਗੀ ਸੀ ।
ਸੁਧਾ ਦਾ ਪਤੀ ਰੀਤੇਸ਼ ਉਸਤੋਂ ਮਨਮਰਜੀ ਦੇ ਅਧਿਕਾਰ ਤਾਂ ਹਾਸਲ ਕਰਦਾ ਰਹਿੰਦਾ ਪਰ ਉਸਨੇ ਉਸਨੂੰ ਪਤਨੀ ਦਾ ਅਧਿਕਾਰ ਸ਼ਾਇਦ ਹੀ ਕਦੇ ਦਿੱਤਾ ਹੋਵੇ, ਉਹ ਵੀ ਕਦੇ ਗਹਿਰੀ ਨੀਂਦ ਦੇ ਕਿਸੇ ਅਨਜਾਣ ਸੁਪਨੇ ਵਿੱਚ, ਨਹੀਂ ਤਾਂ ਜਾਗਦਿਆਂ ਤਾਂ ਉਸਦੇ ਮਨ ਵਿੱਚ ਇੱਕ ਪਲ ਲਈ ਵੀ ਇਹ ਵਿਚਾਰ ਨਾ ਆਉਂਦਾ ਹੈ ਕਿ ਸੁਧਾ ਵੀ ਹੱਡ ਮਾਸ ਦੀ ਬਣੀ ਔਰਤ ਹੈ ਅਤੇ ਹੁਣ ਉਸਦੀ ਪਤਨੀ ਹੈ ਜਿਸਦੀ ਇੱਛਾ-ਅਨਿਛਾ ਵੀ ਕੋਈ ਮਤਲਬ ਰੱਖਦੀ ਹੈ । ਭਾਵੇਂ ਬਹੁਤ ਸਾਰੀਆਂ ਵਿਆਹੁਤਾਵਾਂ ਪਤਨੀ ਹੋਣ ਦਾ ਸੱਚਾ ਅਧਿਕਾਰ ਪ੍ਰਾਪਤ ਨਹੀਂ ਕਰ ਪਾਉਂਦੀਆਂ ਪਰ ਸੁਧਾ ਦਾ ਕਿੱਸਾ ਉਨ੍ਹਾਂ ਸਭ ਔਰਤਾਂ ਤੋਂ ਵੱਖ ਹੈ । ਵੱਖ ਇਸ ਮਾਅਨੇ ਵਿੱਚ ਕਿ ਸੁਧਾ ਆਪਣਾ ਕਿਸਮਤ ਰਚਣ ਚੱਲੀ ਸੀ ਅਤੇ ਕਿਸਮਤ ਨੇ ਉਸਨੂੰ ਉਸਦੇ ਰਚੇਤਾ ਹੋਣ ਦੇ ਅਧਿਕਾਰ ਨੂੰ ਖੋਹਣ ਦੀ ਧਮਕੀ ਦੇ ਦਿੱਤੀ। ਅਨਹੋਣੀਆਂ ਦਾ ਸਿਲਸਿਲਾ ਸੁਧਾ ਦੀ ਹੋਣੀ ਬਣ ਗਿਆ ਸੀ । ਉਦੋਂ ਤਾਂ ਉਸ ਦਿਨ ਰੀਤੇਸ਼ ਨੇ ਇੱਕ ਅਤੇ ਅਨਹੋਣੀ ਉਸਦੇ ਸਾਹਮਣੇ ਰੱਖ ਦਿੱਤੀ ।
‘ਏਹ ਬੱਚਾ ਮੈਨੂੰ ਨਹੀਂ ਚਾਹੀਦਾ !’ ਰੀਤੇਸ਼ ਨੇ ਰੁੱਖੀ ਆਵਾਜ਼ ਵਿੱਚ ਕਿਹਾ , ‘ਤੂੰ ਇਸ ਬੱਚੇ ਨੂੰ ਜਨਮ ਨਹੀਂ ਦਵੇਂਗੀ ! ਸਮਝੀਂ !’
‘ਪਰ ਕਿਉਂ ?.....’ ਸੁਧਾ ਰੀਤੇਸ਼ ਦੇ ਇਸ ਅਣਕਿਆਸੇ ਹੁਕਮ ਸੁਣ ਕੇ ਹੈਰਾਨ ਸੀ । ਇਹ ਸੱਚ ਸੀ ਕਿ ਜਦੋਂ ਸੁਧਾ ਦੇ ਗਰਭਵਤੀ ਹੋਣ ਦੇ ਬਾਰੇ ਵਿੱਚ ਰੀਤੇਸ਼ ਨੂੰ ਪਤਾ ਲੱਗਿਆ ਤਾਂ ਉਸਨੇ ਭੋਰਾ ਵੀ ਖੁਸ਼ੀ ਜ਼ਾਹਰ ਨਹੀਂ ਕੀਤੀ ਸੀ । ਉਸਦੇ ਮੱਥੇ ਉੱਤੇ ਵੱਟ ਪੈ ਗਏ ਸਨ । ਚਿਹਰਾ ਸਖਤ ਹੋ ਗਿਆ ਸੀ । ਇਹ ਭਾਵ ਤਬਦੀਲੀ ਵੇਖ ਕੇ ਸੁਧਾ ਹੈਰਾਨ ਸੀ । ਫਿਰ ਵੀ ਉਸਨੂੰ ਕਾਰਨ ਸਮਝ ਨਹੀਂ ਆਇਆ ਸੀ ਉਹ ਤਾਂ ਉਮੀਦ ਕਰ ਰਹੀ ਸੀ ਕਿ ਜਦੋਂ ਉਹ ਆਪਣੇ ਗਰਭਵਤੀ ਹੋਣ ਦੀ ਸੂਚਨਾ ਰੀਤੇਸ਼ ਨੂੰ ਦੇਵੇਗੀ ਤਾਂ ਉਹ ਖੁਸ਼ੀ ਨਾਲ ਉਛਲ ਪਵੇਗਾ ਅਤੇ ਇਸਤੋਂ ਬਾਅਦ ਸਭ ਕੁੱਝ ਠੀਕ ਹੋ ਜਾਵੇਗਾ । ਸ਼ਾਇਦ ਉਹ ਵੀ ਸਹਿਜ ਹੋ ਸਕੇਗੀ ਰੀਤੇਸ਼ ਦੇ ਨਾਲ । ਪਰ ਰੀਤੇਸ਼ ਦੀ ਪ੍ਰਤੀਕਿਰਆ ਨੇ ਉਸਨੂੰ ਸਥਿਰ ਕਰ ਦਿੱਤਾ ।
‘ਲੇਕਿਨ - ਵੇਕਿਨ ਕੁੱਝ ਨਹੀਂ......ਇਹ ਬੱਚਾ ਮੈਨੂੰ ਨਹੀਂ ਚਾਹੀਦਾ , ਬੱਸ !’ ਰੀਤੇਸ਼ ਨੇ ਇਸ ਅੰਦਾਜ਼ ਵਿੱਚ ਕਿਹਾ ਜਿਵੇਂ ਉਸਦਾ ਕਿਹਾ ਪੱਥਰ ਤੇ ਲਕੀਰ ਹੋਵੇ ।
‘ਫਿਰ ਵੀ . . . ਮੈਨੂੰ ਦੱਸੋ ਤਾਂ . . . . ਕਿਉਂ ? ’ ਸੁਧਾ ਨੇ ਡਰਦੇ - ਡਰਦੇ ਪੁੱਛਿਆ । ਉਹ ਸਾਹਸ ਭਰੇ ਢੰਗ ਨਾਲ ਰੀਤੇਸ਼ ਨਾਲ ਕਦੇ ਗੱਲ ਕਰ ਹੀ ਨਹੀਂ ਸਕੀ ਸੀ । ਇੱਕ ਅਨਜਾਣਾ ਡਰ ਹਮੇਸ਼ਾ ਉਸਦੇ ਮਨ ਉੱਤੇ ਛਾਇਆ ਰਹਿੰਦਾ ।
‘ਜਾਣਨਾ ਚਾਹੁੰਦੀ ਹੈਂ ? . . . ਤਾਂ ਸੁਣ , ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ.... ਕੋਈ ਵੀ ਰਿਸਕ ਨਹੀਂ !’
‘ਕਿਹੋ ਜਿਹਾ ਰਿਸਕ ? ’
‘ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਧੀ ਦਾ ਬਾਪ ਬਣਾਂ.....ਇਸ ਗੱਲ ਦਾ ਰਿਸਕ !’ ਰੀਤੇਸ਼ ਨੇ ਚੁਭਦੇ ਹੋਏ ਢੰਗ ਨਾਲ ਕਿਹਾ ।
‘ਪਰ.....ਇਹ ਜਰੂਰੀ ਤਾਂ ਨਹੀਂ ਹੈ ਕਿ ਧੀ ਹੀ ਹੋਵੇ.....’ ਸੁਧਾ ਨੇ ਕਮਜ਼ੋਰ ਆਵਾਜ਼ ਵਿੱਚ ਖੰਡਨ ਕੀਤਾ ।
‘ਜੇ ਹੋ ਗਈ ਤਾਂ ? ਫਿਰ ਮੈਨੂੰ ਉਸਦਾ ਗਲਾ ਘੁੱਟਣਾ ਪਵੇਗਾ । ਕੀ ਮਨਜ਼ੂਰ ਹੋਵੇਗਾ ਤੈਨੂੰ ?’ ਰੀਤੇਸ਼ ਦੀ ਆਵਾਜ਼ ਦੀ ਚੁਭਣ ਵਿੱਚ ਭੋਰਾ ਮਾਤਰ ਵੀ ਫ਼ਰਕ ਨਹੀਂ ਆਇਆ ।
‘ਗਲਾ ਘੁੱਟਣਾ ? . . . . . ਇਹ ਕਿਹੋ ਜਿਹੀ ਗੱਲ ਕਰ ਰਹੇ ਹੇਂ ਤੁਸੀ ? ’ ਸੁਧਾ ਕੰਬ ਉੱਠੀ । ਕੁੱਝ ਅਜਿਹਾ ਹੀ ਤਾਂ ਕਿਹਾ ਸੀ ਉਸਦੇ ਪਿਤਾ ਨੇ , ‘ਤੇਰਾ ਤਾਂ ਜੰਮਦੇ ਹੀ ਗਲਾ ਘੁੱਟ ਕੇ ਮਾਰ ਦੇਣਾ ਚਾਹੀਦਾ ਹੈ ਸੀ।’
‘ਹਾਂ ! ਇਸ ਲਈ ਕਹਿ ਰਿਹਾ ਹਾਂ ਕਿ ਇਸ ਬੱਚੇ ਨੂੰ ਗਿਰਾ ਦੇ ! ’
‘ਅਸੀਂ ਪਤਾ ਵੀ ਤਾਂ ਕਰ ਸਕਦੇ ਹਾਂ ਕਿ......ਧੀ ਹੈ ਵੀ ਜਾਂ ਨਹੀਂ ? ’ ਸੁਧਾ ਨੇ ਆਖ਼ਿਰਕਾਰ ਸਾਹਸ ਫੜਿਆ।
‘ਪਤਾ ! ਹੂੰ, ਯੂ ਆਰ ਰਾਈਟ ! ਅਸੀ ਪਤਾ ਕਰ ਸੱਕਦੇ ਹਾਂ । ਉਂਜ ਅੱਜ ਕੱਲ੍ਹ ਇਹ ਲੀਗਲੀ ਤਾਂ ਨਹੀਂ ਰਿਹਾ ਪਰ ਚੋਰ ਦਰਵਾਜ਼ਾ ਹਰ ਇਮਾਰਤ ਵਿੱਚ ਹੁੰਦਾ ਹੈ । ਠੀਕ ਹੈ, ਮੈਂ ਉਸ ਚੋਰ ਦਰਵਾਜ਼ੇ ਦਾ ਪਤਾ ਕਰਾਂਗਾ । ਲੇਕਿਨ ਦੋ-ਤਿੰਨ ਦਿਨ ਵਿੱਚ ਕੋਈ ਰਸਤਾ ਨਾ ਮਿਲਿਆ ਤਾਂ ਅਬਾਰਸ਼ਨ ਤੈਅ ਸਮਝੀਂ ! ਮੈਂ ਧੀ ਦਾ ਬਾਪ ਨਹੀਂ ਬਨਣਾ। ਕਿਸੇ ਵੀ ਕੀਮਤ ਉੱਤੇ ਨਹੀਂ.....ਮੈਂ ਤੇਰੇ ਪਿਤਾ ਜੀ ਵਰਗਾ ਬੇਸ਼ਰਮ ਨਹੀਂ ਹਾਂ ਕਿ ਸਮਾਜ ਵਿੱਚ ਸਿਰ ਉੱਚਾ ਕਰ ਕੇ ਘੁੰਮਦਾ ਫਿਰਾਂ......ਮੈਨੂੰ ਤਾਂ ਆਤਮਹੱਤਿਆ ਕਰਣੀ ਪਵੇਗੀ...... ਸਮਝੀ ! ’ ਰੀਤੇਸ਼ ਨੇ ਹਰ ਤਰਾਂ ਨਾਲ ਧਮਕਾਉਂਦੇ ਹੋਏ ਕਿਹਾ । ਉਸ ਨੂੰ ਸੁਧਾ ਨੂੰ ਸ਼ਾਬਦਿਕ ਚੋਟ ਪਹੁੰਚਾਉਣ ਵਿੱਚ ਬਹੁਤ ਅਨੰਦ ਆਉਂਦਾ ਸੀ ।
‘ਜੇ ਤੁਸੀਂ ਮੈਨੂੰ ਇੰਨਾ ਹੀ ਡਿਗਿਆ ਹੋਇਆ ਮੰਨਦੇ ਹੋ ਤਾਂ ਮੈਨੂੰ ਛੱਡ ਕਿਉਂ ਨਹੀਂ ਦਿੰਦੇ ਹੋ ?’ ਇੱਕ ਵਾਰ ਸੁਬਕਦੀ ਹੋਈ ਸੁਧਾ ਪੁੱਛ ਬੈਠੀ ਸੀ ।
‘ਤੇਰੇ ਬਾਪ ਉੱਤੇ ਤਰਸ ਆਉਂਦਾ ਹੈ ਇਸ ਲਈ ਨਹੀਂ ਛੱਡ ਰਿਹਾ ਵਰਨਾ ਧੱਕੇ ਮਾਰ ਕਰ ਘਰੋਂ ਕੱਢ ਦਿੰਦਾ ।’ ਰੀਤੇਸ਼ ਨੇ ਤੂੰ-ਤੜਾਕ ਵਾਲੀ ਸ਼ੈਲੀ ਵਿੱਚ ਸੁਧਾ ਨੂੰ ਜਵਾਬ ਦਿੱਤਾ ਸੀ ।
ਸੁਧਾ ਜਾਣਦੀ ਸੀ ਕਿ ਇਹ ਸੱਚ ਨਹੀਂ ਹੈ । ਇੱਕ ਗੱਲ ਤਾਂ ਇਹ ਕਿ ਰੀਤੇਸ਼ ਨੂੰ ਉਸਦੇ ਪਿਤਾ ਉੱਤੇ ਤਰਸ ਨਹੀਂ ਆਉਂਦਾ ਸਗੋਂ ਉਸ ਪ੍ਰਾਪਰਟੀ ਵਿੱਚ ਹਿੱਸੇਦਾਰੀ ਦੀ ਚਿੰਤਾ ਰਹਿੰਦੀ ਹੈ ਜੋ ਉਸਦੇ ਪਿਤਾ ਨੇ ਸੁਧਾ ਨਾਲ ਵਿਆਹ ਕਰਨ ਦੇ ਬਦਲੇ ਰੀਤੇਸ਼ ਨੂੰ ਦਿੱਤੀ ਹੈ । ਸੁਧਾ ਦੇ ਪਿਤਾ ਨੇ ਰੀਤੇਸ਼ ਨੂੰ ‘ਖਰੀਦਿਆ’ ਅਤੇ ਰੀਤੇਸ਼ ‘ਵਿਕ’ ਗਿਆ ਪਰ ਬਦਲੇ ਵਿੱਚ ਸੁਧਾ ‘ਮਾਲਕਿਨ’ ਨਹੀਂ ਬਣ ਸਕੀ , ਉਹ ਤਾਂ ਦਾਸੀ ਤੋਂ ਵੀ ਗਈ ਗੁਜ਼ਰੀ ਹਾਲਤ ਵਿੱਚ ਪਹੁੰਚਾ ਦਿੱਤੀ ਗਈ । ਸ਼ਾਇਦ, ਉਸਦੇ ਪਿਤਾ ਦੀ ਨਜ਼ਰ ਵਿੱਚ ਰੀਤੇਸ਼ ਉਹ ਕਸਾਈ ਸੀ ਜਿਸਦੇ ਹੱਥਾਂ ਵਿੱਚ ਆਪਣੇ ਘਰ ਦੇ ਬੇਕਾਰ ਪਸ਼ੁ ਨੂੰ ਸੌਂਪ ਕੇ ਉਹ ਆਪਣੇ ਹਰ ਪਾਪ ਪੁੰਨ ਤੋਂ ਮੁਕਤ ਹੋ ਜਾਣਾ ਚਾਹੁੰਦੇ ਸਨ , ਫਿਰ ਕਸਾਈ ਭਾਵੇਂ ਪਸ਼ੂ ਨੂੰ ਜਿੰਦਾ ਰੱਖੇ ਜਾਂ ਮਾਰੇ । ਅਤੇ ਦੂਜੀ ਗੱਲ ਇਹ ਸੀ ਕਿ ਰੀਤੇਸ਼ ਨੂੰ ਵੀ ਸੌਖ ਨਾਲ ਕਿਹੜਾ ਦੂਜੀ ਪਤਨੀ ਮਿਲਣ ਵਾਲੀ ਸੀ । ਉਸਦੀ ਪਹਿਲੀ ਪਤਨੀ ਸ਼ੱਕੀ ਦਸ਼ਾ ਵਿੱਚ ਮਰੀ ਪਾਈ ਗਈ ਸੀ ਅਤੇ ਉਸਦਾ ਕਈ ਕੁੜੀਆਂ ਨਾਲ ‘ਅਫੇਇਰ’ ਸੀ । ਇਹ ਗੱਲ ਸੁਧਾ ਦੇ ਪਿਤਾ ਜਾਣਦੇ ਸਨ ਫਿਰ ਵੀ ਉਨ੍ਹਾਂ ਨੇ ਰੀਤੇਸ਼ ਨੂੰ ਆਪਣੇ ਜੁਆਈ ਦੇ ਰੂਪ ਵਿੱਚ ਚੁਣ ਲਿਆ ਸੀ ।
ਸੁਧਾ ਨੇ ਵੀ ਆਪਣਾ ਸਿਰ ਝੁਕਾ ਲਿਆ ਸੀ । ਇਸ ਤਰ੍ਹਾਂ ਉਹ ਆਪਣੇ ਹੰਝੂਆਂ ਨੂੰ ਲੁਕਾ ਲਿਆ ਕਰਦੀ ਸੀ । ਉਹ ਜਾਣਦੀ ਸੀ ਕਿ ਇਸ ਦੁਨੀਆਂ ਵਿੱਚ ਹੁਣ ਉਸਦੇ ਹੰਝੂਆਂ ਤੇ ਤਰਸ ਕਰਨ ਵਾਲਾ ਕੋਈ ਨਹੀਂ ਹੈ । ਉਸਦੇ ਮਾਂ-ਬਾਪ ਵੀ ਨਹੀਂ ਪਸੀਜੇ ਸਨ । ਜਦੋਂ ਤੱਕ ਉਸਦਾ ਵਿਆਹ ਕਰਕੇ ਉਸਨੂੰ ਸੈਂਕੜੇ ਕਿਲੋਮੀਟਰ ਦੂਰ ਨਹੀਂ ਭੇਜ ਦਿੱਤਾ ਉਦੋਂ ਤੱਕ ਹਰ ਰੋਜ਼ ਉਸਨੂੰ ਮਾਰਿਆ-ਝੰਬਿਆ ਜਾਂਦਾ ਰਿਹਾ । ਕੀ ਰੀਤੇਸ਼ ਠੀਕ ਕਹਿ ਰਿਹਾ ਹੈ ? ਉਸਦੀ ਧੀ ਉਸਦੇ ਵਰਗੀ ਹੋਵੇਗੀ ? ਤਾਂ ਕੀ ਉਸ ਵਿੱਚ ਆਪਣੇ ਪਿਤਾ ਦੇ ਯਾਨੀ ਰੀਤੇਸ਼ ਦੇ ਕੋਈ ਗੁਣ ਨਹੀਂ ਹੋਣਗੇ ? ਲੇਕਿਨ ਰੀਤੇਸ਼ ਵਿੱਚ ਗੁਣ ਕਿਹੜੇ ਹਨ ਅਤੇ ਉਸ ਵਿੱਚ ਅਵਗੁਣ......? ਰੀਤੇਸ਼ ਨੂੰ ਹੀ ਕਿਹੜਾ ਨੇੜੇ ਤੇੜੇ ਦੀ ਕੁੜੀ ਮਿਲ ਰਹੀ ਸੀ, ਸੁਧਾ ਦੇ ਰੂਪ ਵਿੱਚ ਸੈਂਕੜੇ ਕਿਲੋਮੀਟਰ ਦੂਰ ਦੀ ਕੁੜੀ ਮਿਲੀ ਉਸਨੂੰ ਵੀ ।
ਅਖੀਰ ਉਸਦਾ ਆਪਣਾ ਦੋਸ਼ ਕੀ ਸੀ, ਇਹੀ ਨਾ ਕਿ ਉਸਨੇ ਇੱਕ ਜਵਾਨ ਦੇ ਨਾਲ ਚੈਟਿੰਗ ਕੀਤੀ ਸੀ.....ਨਹੀਂ, ਇਹ ਤਾਂ ਦੋਸ਼ ਦੀ ਸ਼ੁਰੁਆਤ ਸੀ......ਹਾਂ ਸਾਰਿਆਂ ਨੇ ਇਹੀ ਤਾਂ ਕਿਹਾ ਸੀ । ਆਪ ਉਸਨੇ ਵੀ, ਜੋ ਇਸ ਦੋਸ਼ ਦਾ ਭਾਗੀਦਾਰ ਸੀ ।
‘ਨਾ ਮੈਂ ਤੇਰੇ ਨਾਲ ਚੈਟਿੰਗ ਕਰਦਾ ਅਤੇ ਨਾ ਮੈਨੂੰ ਇਹ ਦਿਨ ਵੇਖਣਾ ਪੈਂਦਾ . . . . ਯੂ ਬਿਚ ! ’ ਉਦੈ ਕਸ਼ਿਅਪ ਨੇ ਇਹ ਕਹਿੰਦੇ ਹੋਏ ਉਸਦੇ ਕੰਨਾਂ ਵਿੱਚ ਜਿਵੇਂ ਸ਼ੀਸ਼ਾ ਢਾਲ ਦਿੱਤਾ ਸੀ । ਕੀ ਉਹ ਸਚਮੁੱਚ ‘ਬਿਚ’ ਦੀ ਗਾਲ੍ਹ ਖਾਣ ਦੇ ਲਾਇਕ ਸੀ ?
ਉਦੈ ਕਸ਼ਿਅਪ ਦਾ ਕੋਈ ਦੋਸ਼ ਨਹੀਂ ਸੀ ?
ਨਹੀਂ , ਇਸ ਸਮਾਜ ਵਿੱਚ ਮਰਦਾਂ ਦੇ ਦੋਸ਼ ਸੌਖ ਨਾਲ ਮਾਫ਼ ਕਰ ਦਿੱਤੇ ਜਾਂਦੇ ਹਨ ਪਰ ਔਰਤਾਂ ਦੇ ਨਹੀਂ । ਉਹ ਤਾਂ ਪੀੜੀਆਂ ਲਈ ਦੋਸ਼ ਦੀ ਇੱਕ ਮਿਸਾਲ ਬਣ ਕੇ ਰਹਿ ਜਾਂਦੀਆਂ ਹਨ। ਨਿਸ਼ਚਿਤ ਰੂਪ ਵਿੱਚ ਉਦੈ ਕਸ਼ਿਅਪ ਦੀ ਪਤਨੀ ਉਸਨੂੰ ਇਸ ਤਰ੍ਹਾਂ ਪ੍ਰਤਾੜਿਤ ਨਹੀਂ ਕਰ ਸਕਦੀ ਜਿਸ ਤਰ੍ਹਾਂ ਰੀਤੇਸ਼ ਸੁਧਾ ਨੂੰ ਸੂਲੀ ਉੱਤੇ ਟੰਗੀ ਰੱਖਦਾ ਹੈ। ਅਪਰਾਧੀ ਸਿਰਫ਼ ਅਤੇ ਸਿਰਫ਼ ਸੁਧਾ ਠਹਰਾਈ ਗਈ ।ਹਾਂ, ਭੁੱਲ ਤਾਂ ਉਸਤੋਂ ਹੋਈ ਸੀ ਕਿ ਇੱਕ ਕੁੜੀ ਹੋਣ ਦੇ ਨਾਤੇ ਉਸਨੇ ਆਪਣੇ ਅਜਿਹੇ ਭਵਿੱਖ ਦੀ ਸੰਭਾਵਨਾ ਦੇ ਬਾਰੇ ਵਿੱਚ ਇੱਕ ਵਾਰ ਵੀ ਸੋਚਿਆ ਨਹੀਂ ਸੀ । ਸ਼ਾਇਦ ਇਸ ਲਈ ਉਹ ਨਹੀਂ ਸੋਚ ਸਕੀ ਕਿ ਉਸਨੇ ਸੁਨਹਿਰੀ ਸੁਪਨਿਆਂ ਦੇ ਬਾਰੇ ਵਿੱਚ ਤਾਂ ਅਨੇਕ ਕਿੱਸੇ ਸੁਣ ਰੱਖੇ ਸਨ ਪਰ ਅਜਿਹੀ ਹੋਣੀ ਦੇ ਬਾਰੇ ਵਿੱਚ ਕਦੇ ਨਹੀਂ ਸੁਣਿਆ ਸੀ ਕਿਉਂਕਿ ਇਹ ਤਾਂ ਸਮਾਜ ਦਾ ਇੱਕ ਲੁਕਿਆ ਪੱਖ ਸੀ ਜਿਨੂੰ ਪਰਗਟ ਹੋਣ ਦਾ ਮੌਕੇ ਵੀ ਨਹੀਂ ਦਿੱਤਾ ਜਾਂਦਾ। ਇਸ ਲੁਕੇ ਹੋਏ ਪੱਖ ਤੋਂ ਠੀਕ ਪਹਿਲਾਂ ਸਾਰੀਆਂ ਘਟਨਾਵਾਂ ਦਾ ਅੰਤ ਮੰਨ ਲਿਆ ਜਾਂਦਾ ਹੈ ।
ਉਸ ਦਿਨ ਜਿਸਨੇ ਵੀ ਸੁਣਿਆ ਕਿ ਰਾਜਪਾਲ ਬਾਬੂ ਦੀ ਵਿਚਕਾਰਲੀ ਧੀ ਸੁਧਾ ਲਾਪਤਾ ਹੈ, ਉਹ ਚਿੰਤਤ ਹੋ ਉੱਠਿਆ ਸੀ । ਛੋਟੇ ਸ਼ਹਿਰਾਂ ਵਿੱਚ ਅਜਿਹੀਆਂ ਗੱਲਾਂ ਅੱਗ ਤੋਂ ਵੀ ਤੇਜ ਫੈਲਦੀਆਂ ਹਨ।ਲਪਟਾਂ ਹਰ ਕਿਸੇ ਵੱਲ ਲਪਕੀਆਂ। ਮੁਸੀਬਤ ਸਭ ਨੇ ਮਹਿਸੂਸ ਕੀਤੀ ।
‘ਏਮ. ਬੀ. ਏ. ਕਰ ਰਹੀ ਕੁੜੀ ਕਿਸੇ ਦੇ ਨਾਲ ਭੱਜ ਨਹੀਂ ਸਕਦੀ।’ ਇੱਕ ਵਿਸ਼ਵਾਸ ਸੀ ਸੁਣਨ ਵਾਲਿਆਂ ਦੇ ਆਵਾਜ਼ ਵਿੱਚ ।
‘ਹਾਂ ਹਾਂ, ਉਸਦਾ ਤਾਂ ਕਿਸੇ ਮੁੰਡੇ ਦੇ ਨਾਲ ਕੋਈ ਚੱਕਰ ਵੀ ਨਹੀਂ ਸੀ । ’
‘ਹਾਂ ਹਾਂ ! ਉਸਦੇ ਕਾਲਜ ਦੇ ਅਤੇ ਮਹੱਲੇ ਦੇ ਸਾਰੇ ਮੁੰਡੇ ਮੌਜੂਦ ਹਨ , ਕੋਈ ਵੀ ਗਾਇਬ ਨਹੀਂ ਹੈ । ’
‘ਜਰੂਰ ਉਸ ਨਾਲ ਕੋਈ ਹਾਦਸਾ ਹੋਇਆ ਹੈ । ’
‘ਜਮਾਨਾ ਖ਼ਰਾਬ ਹੈ । ਕਿਤੇ ਕੋਈ ਊਚ-ਨੀਚ ਨਾ ਹੋ ਗਈ ਹੋ ਉਸਦੇ ਨਾਲ । ਅੱਜ ਕੱਲ੍ਹ ਤਾਂ ਛੋਟੀਆਂ-ਛੋਟੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ ਫਿਰ ਸੁਧਾ ਤਾਂ ਜਵਾਨ-ਜਹਾਨ ਹੈ । ’
‘ਕੌਣ ਜਾਣੇ ਸੱਚ ਕੀ ਹੈ ? ਕਿਤੇ ਕਿਸੇ ਮਜਨੂੰ ਨੇ ਅਗਵਾ ਨਾ ਕਰ ਲਿਆ ਹੋਵੇ । ਅੱਜ ਕੱਲ੍ਹ ਦੇ ਸੜਕਛਾਪ ਮਜਨੂਆਂ ਦਾ ਕੁਝ ਕਿਹਾ ਨਹੀਂ ਜਾ ਸਕਦਾ। ’
ਜਿੰਨੇ ਮੁੰਹ, ਓਨੀਆਂ ਗੱਲਾਂ । ਵੇਖਦੇ ਹੀ ਵੇਖਦੇ ਪਰਿਵਾਰ, ਸਮਾਜ ਦੇ ਲੋਕ ਇਕੱਠੇ ਹੋ ਗਏ । ਵੱਡੇ – ਬੁਜੁਰਗਾਂ ਨੇ ਥਾਣੇ ਵਿੱਚ ਜਾ ਕੇ ਰਿਪੋਰਟ ਲਿਖਾਉਣ ਦਾ ਫੈਸਲਾ ਕੀਤਾ । ਉਸ ਛੋਟੇ ਸ਼ਹਿਰ ਵਿੱਚ ਭਲੇ ਘਰ ਦੀਆਂ ਲੜਕੀਆਂ ਕਦੇ ਘਰ ਤੋਂ ਭੱਜੀਆਂ ਨਹੀਂ ਸਨ, ਘੱਟੋ-ਘੱਟ ਕਿਸੇ ਦੀ ਜਾਣਕਾਰੀ ਵਿੱਚ ਤਾਂ ਨਹੀਂ । ਉਸ ਛੋਟੇ ਸ਼ਹਿਰ ਵਿੱਚ ਕੁੜੀਆਂ ਦੇ ਨਾਲ ਕੋਈ ਬਹੁਤ ਵੱਡਾ ਹਾਦਸਾ ਵੀ ਕਦੇ ਨਹੀਂ ਹੋਇਆ ਸੀ, ਨਾ ਹੀ ਅਗਵਾ ਅਤੇ ਨਾ ਹੀ ਬਲਾਤਕਾਰ ।
‘ਅੱਜ ਕੱਲ ਇਹ ਕੁੜੀਆਂ ਮੂੰਹ ਤੇ ਅਜਿਹੇ ਢੰਗ ਨਾਲ ਕੱਪੜਾ ਬੰਨ੍ਹੀ ਰਖਦੀਆਂ ਕਿ ਜੇਕਰ ਕੋਈ ਉਨ੍ਹਾਂ ਨੂੰ ਚਾਕੂ ਦਿਖਾ ਕੇ ਉਨ੍ਹਾਂ ਦੇ ਬਾਪ-ਭਰਾ ਦੇ ਕੋਲੋਂ ਵੀ ਲੰਘ ਜਾਵੇ ਤਾਂ ਉਨ੍ਹਾਂ ਦੇ ਬਾਪ-ਭਰਾ ਨੂੰ ਪਤਾ ਤੱਕ ਨਹੀਂ ਚੱਲੇਗਾ ਕਿ ਉਹ ਕੁੜੀ ਆਖਿਰ ਸੀ ਕੌਣ ।’ ਥਾਣੇਦਾਰ ਨੇ ਆਪਣੀ ਰਾਏ ਜ਼ਾਹਰ ਕੀਤੀ ।
ਵੱਡੇ-ਬੁਜੁਰਗਾਂ ਨੇ ਉਸਦੀ ਗੱਲ ਦਾ ਸਮਰਥਨ ਕੀਤਾ ਕਿਉਂਕਿ ਉਸ ਸਮੇਂ ਤੱਕ ਕੋਈ ਵੀ ਵਿਅਕਤੀ ਅਜਿਹਾ ਨਹੀਂ ਮਿਲਿਆ ਸੀ ਜੋ ਕਹਿੰਦਾ ਕਿ ਉਸਨੇ ਸੁਧਾ ਨੂੰ ਆਉਂਦੇ-ਜਾਂਦੇ ਵੇਖਿਆ ਹੈ । ਉਹ ਘਰ ਤੋਂ ਕਾਲਜ ਜਾਣ ਨੂੰ ਨਿਕਲੀ ਸੀ । ਆਖਰੀ ਸੇਮੇਸਟਰ ਦਾ ਆਖਰੀ ਪੇਪਰ ਸੀ । ਰਾਤ ਭਰ ਉਸਨੇ ਪੜਾਈ ਕੀਤੀ ਸੀ । ਇਹ ਉਸਦੀ ਛੋਟੀ ਭੈਣ ਨੇ ਦੱਸਿਆ ਸੀ । ਹਾਲਾਂਕਿ ਉਹ ਰਾਤ ਨੂੰ ਬਾਰਾਂ ਵਜੇ ਦੇ ਬਾਅਦ ਸੌਂ ਗਈ ਸੀ । ਸਵੇਰੇ ਉਹ ਜਾਗੀ ਤਾਂ ਉਸਨੇ ਸੁਧਾ ਨੂੰ ਕੰਪਿਊਟਰ ਉੱਤੇ ਕੋਈ ਲਿਖਾ-ਪੜ੍ਹੀ ਕਰਦੇ ਦੇਖਿਆ । ਸੁਧਾ ਰੋਜ ਹੀ ਕੰਪਿਊਟਰ ਦੇ ਸਾਹਮਣੇ ਘੰਟਿਆਂ ਬੱਧੀ ਬੈਠੀ ਰਹਿੰਦੀ ਸੀ ਇਸ ਲਈ ਉਸਦੀ ਛੋਟੀ ਭੈਣ ਲਈ ਇਹ ਕੋਈ ਵਿਸ਼ੇਸ਼ ਗੱਲ ਨਹੀਂ ਸੀ । ਸਾਰੇ ਮਨ ਹੀ ਮਨ ਇਸ ਗੱਲ ਪ੍ਰਤੀ ਸ਼ੱਕੀ ਹੁੰਦੇ ਜਾ ਰਹੇ ਸਨ ਕਿ ਕਿਤੇ ਕਿਸੇ ਜਗ੍ਹਾ ਤੋਂ ਸੁਧਾ ਦੀ ਖਿੰਡਰੀ ਪੁੰਡਰੀ ਦੇਹ ਮਿਲਣ ਦੀ ਸੂਚਨਾ ਨਾ ਮਿਲ ਜਾਵੇ । ਸੁਧਾ ਦੇ ਪਰਵਾਰ ਨੂੰ ਕੋਈ ਬੁਰੀ ਹੋਣੀ ਆਪਣੇ ਦਰ ਤੇ ਦਸਤਕ ਦਿੰਦੀ ਪ੍ਰਤੀਤ ਹੋ ਰਹੀ ਸੀ ।
ਉਸ ਦਿਨ ਨਿੱਤ ਦੀ ਤਰ੍ਹਾਂ ਸੁਧਾ ਕਾਲਜ ਜਾਣ ਨੂੰ ਨਿਕਲੀ ਪਰ ਜਦੋਂ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਘਰ ਵਿੱਚ ਸਾਰਿਆਂ ਨੂੰ ਚਿੰਤਾ ਸਤਾਣ ਲੱਗੀ । ਸੁਧਾ ਦੀਆਂ ਸਾਰੀਆਂ ਸਹੇਲੀਆਂ ਦੇ ਘਰ ਫੋਨ ਕਰ - ਕਰ ਕੇ ਪਤਾ ਕੀਤਾ ਗਿਆ । ਸੁਧਾ ਆਪਣੀ ਕਿਸੇ ਸਹੇਲੀ ਦੇ ਘਰ ਨਹੀਂ ਸੀ । ਰਾਤ ਭਰ ਖੋਜ ਭਾਲ ਤੋਂ ਬਾਅਦ ਥਾਣੇ ਵੱਲ ਰੁਖ਼ ਕੀਤਾ ਗਿਆ । ਤਦ ਤੱਕ ਸੁਧਾ ਦੀ ਮਾਂ ਦੀ ਸਿਹਤ ਵਿਗੜਨ ਲੱਗੀ । ਉਹ ਉੱਚ ਰਕਤਚਾਪ ਦੀ ਮਰੀਜ ਸੀ । ਪੁਲਿਸ ਨੇ ਰਿਪੋਰਟ ਤਾਂ ਲਿਖ ਲਈ ਪਰ ਉਸਦੀ ਕਾਰਵਾਈ ਵਿੱਚ ਕੋਈ ਤਰੱਕੀ ਨਾ ਵੇਖ ਕੇ ਸਮਾਜ ਦੇ ਲੋਕਾਂ ਨੇ ਧਰਨਾ-ਨੁਮਾਇਸ਼ ਸ਼ੁਰੂ ਕਰ ਦਿੱਤੀ । ਤੀਸਰੇ ਦਿਨ ਮਾਮਲੇ ਨੇ ਰਾਜਨੀਤਕ ਰੰਗ ਫੜ ਲਿਆ । ਵਿਰੋਧੀ ਦਲ ਦੇ ਲੋਕਾਂ ਨੇ ਸੱਤਾਧਾਰੀਆਂ ਦੀ ‘ਹਾਏ - ਹਾਇ’ ਕਰਨੀ ਸ਼ੁਰੂ ਕਰ ਦਿੱਤੀ । ਹੁਣ ਪੁਲਿਸ ਵਿਭਾਗ ਵਿੱਚ ਖਲਬਲੀ ਮੱਚਣਾ ਸੁਭਾਵਿਕ ਸੀ । ਉੱਪਰੋਂ ਦਬਾਅ ਪੈਣ ਲੱਗਿਆ। ਦਬਾਅ ਪੈਂਦੇ ਹੀ ਪੁਲਿਸ ਨੇ ਉਹ ਸਰਗਰਮੀ ਵਿਖਾਈ ਕਿ ਇਹ ਗੱਲ ਸਿੱਧ ਹੋ ਗਈ ਕਿ ਜੇਕਰ ਪੁਲਿਸ ਚਾਹੇ ਤਾਂ ਕੋਈ ਵੀ ਮਸਲਾ ਹੱਲ ਕਰ ਸਕਦੀ ਹੈ , ਜੇਕਰ ਚਾਹੇ ਤਾਂ ।
ਸੁਧਾ ਦੇ ਗਾਇਬ ਹੋਣ ਦੇ ਪੰਜਵੇਂ ਦਿਨ ਪੁਲਿਸ ਨੇ ਬਿਆਨ ਜਾਰੀ ਕੀਤਾ ਕਿ ਸੁਧਾ ਦਾ ਪਤਾ ਚੱਲ ਗਿਆ ਹੈ ਅਤੇ ਉਹ ਗੁਆਂਢੀ ਰਾਜ ਦੇ ਇੱਕ ਸ਼ਹਿਰ ਵਿੱਚ ਹੈ। ਉਹ ਸਹੀ-ਸਲਾਮਤ ਹੈ ਅਤੇ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਹੈ । ਜਿਸਨੇ ਵੀ ਇਸ ਬਿਆਨ ਨੂੰ ਪੜ੍ਹਿਆ ਜਾਂ ਸੁਣਿਆ, ਉਹ ਹੈਰਾਨ ਰਹਿ ਗਿਆ । ਕੀ ਇਹ ਸੰਭਵ ਸੀ ਕਿ ਰਾਜਪਾਲ ਬਾਬੂ ਦੀ ਵਿਚਕਾਰਲੀ ਧੀ ਆਪਣੇ ਪ੍ਰੇਮੀ ਦੇ ਨਾਲ ਘਰ ਤੋਂ ਭੱਜ ਗਈ ਹੈ? ਬਹਰਹਾਲ ਇਹੀ ਹੋਇਆ ਸੀ ।
ਸੱਚ ਇਹੀ ਸੀ । ਸੁਨਹਿਰੇ ਸੁਪਨਿਆਂ ਵਿੱਚ ਡੁਬਦੀ-ਤੈਰਦੀ ਸੁਧਾ ਉਸ ਸਮੇਂ ਉਦੈ ਕਸ਼ਿਅਪ ਲਈ ਚਾਹ ਬਣਾ ਰਹੀ ਸੀ ਜਦੋਂ ਉਸਦੇ ਸ਼ਹਿਰ ਦੇ ਸਬ ਇੰਸਪੇਕਟਰ ਨੇ ਲੋਕਲ ਥਾਣੇਦਾਰ ਦੇ ਨਾਲ ਉਸਦੇ ਇਸ ਕਮਰੇ ਦੇ ਕਿਰਾਏ ਦੇ ਘਰ ਵਿੱਚ ਪਰਵੇਸ਼ ਕੀਤਾ । ਜਦੋਂ ਤੱਕ ਕਿ ਸੁਧਾ ਕੁਝ ਸਮਝ ਪਾਉਂਦੀ ਤੱਦ ਤੱਕ ਸਭ ਇੰਸਪੈਕਟਰ ਨੇ ਉਦੈ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ।
‘ਸਾਲਿਆ ! ਕੁੜੀ ਭਜਾਉਣ ਦਾ ਧੰਧਾ ਕਰਦਾ ਹੈਂ .....ਮਾਂ.....ਹੁਣੇ ਤੁਹਾਡੇ ਧੰਧੇ ਨੂੰ . . . . ਵਾੜ ਦੇਵਾਂਗਾ . ......’ ਪੁਲਿਸ ਵਾਲੇ ਗੰਦੀ ਗਾਲੀਆਂ ਬਕਦੇ ਹੋਏ ਉਦੈ ਨੂੰ ਅੰਧਾਧੁੰਧ ਕੁੱਟਣ ਲੱਗੇ । ਇਹ ਦ੍ਰਿਸ਼ ਵੇਖ ਕੇ ਸੁਧਾ ਚੀਖਦੀ ਹੋਈ ਝਪਟੀ ਤਾਂ ਕਿ ਉਹ ਉਦੈ ਨੂੰ ਪੁਲਿਸ ਵਾਲੀਆਂ ਦੀ ਕੁੱਟ ਤੋਂ ਬਚਾ ਸਕੇ ।
‘ਅਰੇ ਸਤੀ ਸਾਵਿਤਰੀ ! ਬਹੁਤ ਲਾਡ ਆ ਰਿਹਾ ਹੈ ਆਪਣੇ ਯਾਰ ਉੱਤੇ !’ ਤੀਵੀਂ ਪੁਲਸੀਆਂ ਨੇ ਸੁਧਾ ਨੂੰ ਇੱਕ ਥੱਪੜ ਲਗਾਉਂਦੇ ਹੋਏ ਕਿਹਾ ।
‘ਡੋਂਟ ਟਚ ਮੀ , ਅਗੇਨ ! ’ ਸੁਧਾ ਬੌਖਲਾ ਕਰ ਬੋਲੀ । ਉਸਨੂੰ ਆਪਣਾ ਇੱਕ ਕੰਨ ਸੁੰਨ ਹੁੰਦਾ ਹੋਇਆ ਲਗਾ । ਪਲ ਭਰ ਲਈ ਅੱਖਾਂ ਦੇ ਅੱਗੇ ਹਨ੍ਹੇਰਾ ਛਾ ਗਿਆ ।
‘ਅੰਗਰੇਜੀ ਵਿੱਚ ਗਿਟਰ - ਪਿਟਰ ਕਰਕੇ ਰੋਹਬ ਨਾ ਜਮਾਂ ? ਦੋ ਟਕੇ ਦੀ ਲੌਂਡੀ, ਕੰਜਰੀ ! ‘ਲੇਡੀ ਪੁਲਿਸ ਨੇ ਉਸਨੂੰ ਧਮਕਾਉਂਦੇ ਹੋਏ ਕਿਹਾ ਅਤੇ ਉਸਦੇ ਵਾਲ ਫੜ ਕੇ ਉਸਦੇ ਸਿਰ ਨੂੰ ਇੱਕ ਝਟਕਾ ਦਿੱਤਾ । ਸੁਧਾ ਦਾ ਸਿਰ ਚਕਰਾ ਗਿਆ। ਉਹ ਲੜਖੜਾ ਗਈ ।
‘ਕਿਉਂ ਤੂੰ ਆਪਣੇ ਘਰ ਵਿੱਚ ਧੰਧਾ ਕਰਾਉਂਦਾ ਹੈਂ ? ’ ਪੁਲਿਸ ਵਾਲੇ ਨੇ ਮਕਾਨ ਮਾਲਿਕ ਨੂੰ ਧਮਕਾਇਆ ।
‘ਕੈਸੀਆਂ ਗੱਲਾਂ ਕਰਦੇ ਹੋ ਸਾਹਿਬ ! ਅਸੀ ਸ਼ਰੀਫ਼ ਲੋਕ ਹਾਂ.....ਇਹ ਸ਼ਰੀਫਾਂ ਦਾ ਮਹੱਲਾ ਹੈ.....’ ਮਕਾਨ ਮਾਲਿਕ ਗਿੜਗਿੜਾਇਆ।
‘ਤਾਂ ਤੁਹਾਡੇ ਸ਼ਰੀਫ ਘਰ ਵਿੱਚ ਇਹ ਲੌਂਡਾ ਲੌਂਡੀ ਕੀ ਕਰ ਰਹੇ ਹਨ ? ’ ਪੁਲਿਸ ਵਾਲਾ ਪਹਿਲਾਂ ਵਾਂਗ ਘਟੀਆ ਢੰਗ ਨਾਲ ਬੋਲਿਆ ।
‘ਸਾਹਬ ! . . . ਸਾਹਬ , ਸਾਨੂੰ ਨਹੀਂ ਪਤਾ ਸੀ ਕਿ ਇਹ ਲੋਕ ਇਹੋ ਜਿਹੇ ਨੇ...... ! ’ ਮਕਾਨ ਮਾਲਿਕ ਬੇਚੈਨੀ ਨਾਲ ਕੰਬਣ ਲੱਗਿਆ ਸੀ ।
‘ਹਾਂ , ਇਹ ਦੋਵੇਂ ਘਰੋਂ ਭੱਜ ਕੇ ਆਏ ਹਨ । ਇਹ ਵਿਆਹੇ ਨਹੀਂ । ਕੁੜੀ ਨਬਾਲਿਗ ਹੈ ।’ ਸੁਧਾ ਨੂੰ ਦੂਜੇ ਕੰਨ ਤੋਂ ਸੁਣਾਈ ਦਿੱਤਾ । ਇੱਕ ਕੰਨ ਤਾਂ ਚਪੇੜ ਪੈਣ ਦੇ ਕਾਰਨ ਸੁੰਨ ਹੋ ਚੁੱਕਿਆ ਸੀ ।
‘ਹੇ ਭਗਵਾਨ ! ਮੈਨੂੰ ਕੀ ਪਤਾ ਸੀ । ਇਸਨੇ ਕਿਹਾ ਸੀ ਕਿ ਇਹ ਆਪਣੀ ਪਤਨੀ ਨੂੰ ਲਿਆਉਣ ਵਾਲਾ ਹੈ । ਅਸੀਂ ਸਮਝਿਆ ਕਿ ਆਪਣੀ ਪਤਨੀ ਨੂੰ ਹੀ ਲਿਆਇਆ ਹੋਵੇਗਾ । ਸਾਨੂੰ ਅਜਿਹਾ ਪਤਾ ਹੁੰਦਾ ਤਾਂ ਅਸੀ ਇਸਨੂੰ ਕਮਰਾ ਕਿਰਾਏ ਉੱਤੇ ਦਿੰਦੇ ਹੀ ਕਿਉਂ ? ’ ਮਕਾਨ ਮਾਲਿਕ ਆਪਣੀ ਸਫਾਈ ਦੇਈ ਜਾ ਰਿਹਾ ਸੀ ।
ਪੁਲਿਸਵਾਲਾ ਮਕਾਨ ਮਾਲਿਕ ਨੂੰ ਇੱਕ ਪਾਸੇ ਵੱਲ ਲੈ ਗਿਆ । ਦੋਵਾਂ ਦੇ ਵਿਚਾਲੇ ਕੁੱਝ ਘੁਸਰ ਮੁਸਰ ਹੋਈ । ਇਸ ਵਿੱਚ ਮਕਾਨ ਮਾਲਿਕ ਵਾਰ-ਵਾਰ ਹੱਥ ਜੋੜਦਾ ਵਿਖਾਈ ਪਿਆ । ਸਪੱਸ਼ਟ ਸੀ ਕਿ ਪੁਲਿਸ ਵਾਲੇ ਨੇ ਉਸਨੂੰ ਡਰਾਇਆ-ਧਮਕਾਇਆ ਹੋਵੇਗਾ ਅਤੇ ਫਿਰ ਕੁੱਝ ‘ਲੈ-ਦੇ ਕੇ’ ਮੰਨ ਗਿਆ ਹੋਵੇਗਾ ।
ਪੰਦਰਾਂ-ਵੀਹ ਮਿੰਟ ਦੇ ਰੌਲੇ ਤੋਂ ਬਾਅਦ ਪੁਲਿਸ ਨੇ ਉਦੈ ਅਤੇ ਸੁਧਾ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਸੁਧਾ ਦੇ ਸ਼ਹਿਰ ਦੇ ਵੱਲ ਚੱਲ ਪਈ । ਉਦੈ ਦਾ ਚਿਹਰਾ ਸੁੱਜ ਗਿਆ ਸੀ ਅਤੇ ਹੱਥਾਂ ਉੱਤੇ ਨੀਲ ਪੈ ਗਏ ਸਨ । ਸੁਧਾ ਦਾ ਚਿਹਰਾ ਵੀ ਇੱਕ ਪਾਸਿਉਂ ਸੁੱਜ ਗਿਆ ਸੀ ਫਿਰ ਵੀ ਉਹ ਉਦੈ ਦੀਆਂ ਸੱਟਾਂ ਨੂੰ ਪਲੋਸਣਾ ਚਾਹੁੰਦੀ ਸੀ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਦੂਰ-ਦੂਰ ਬਿਠਾ ਰੱਖਿਆ ਸੀ । ਸੁਧਾ ਨੇ ਕੋਸ਼ਿਸ਼ ਕੀਤੀ ਕਿ ਸੰਕੇਤਾਂ ਨਾਲ ਹੀ ਉਦੈ ਨੂੰ ਦਿਲਾਸਾ ਦੇਵੇ ਪਰ ਉਦੈ ਉਸਦੇ ਵੱਲ ਵੇਖ ਹੀ ਨਹੀਂ ਰਿਹਾ ਸੀ । ਸੁਧਾ ਨੂੰ ਲੱਗਿਆ ਕਿ ਜਿਵੇਂ ਆਪ ਉਦੈ ਸੁਧਾ ਤੋਂ ਅੱਖਾਂ ਚੁਰਾ ਰਿਹਾ ਹੋਵੇ। ਨਾਲ ਜੀਣ-ਮਰਨ ਦੀਆਂ ਕਸਮਾਂ ਖਾਣ ਵਾਲਾ ਇਨਸਾਨ ਕੀ ਪੁਲਿਸ ਦੀ ਮਾਰ ਖਾ ਕੇ ਹੀ ਟੁੱਟ ਗਿਆ ? ਸੁਧਾ ਉਦੈ ਨਾਲ ਗੱਲ ਕਰਣਾ ਚਾਹ ਰਹੀ ਸੀ ਪਰ ਉਸ ਲੇਡੀ ਪੁਲਿਸ ਦੇ ਡਰ ਨਾਲ ਚੁੱਪਚਾਪ ਬੈਠੀ ਰਹੀ ।
ਬਾਈ ਘੰਟੇ ਦੀ ਸੜਕ ਯਾਤਰਾ ਦੇ ਬਾਅਦ ਸੁਧਾ ਅਤੇ ਉਦੈ ਨੂੰ ਉਸਦੇ ਸ਼ਹਿਰ ਵਿੱਚ ਲੈ ਜਾ ਕੇ ਪੁਲਿਸ ਦੇ ਉੱਚਾਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਗਿਆ । ਸੁਧਾ ਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਇਸ ਸੜਕ-ਯਾਤਰਾ ਦਾ ਸਾਰਾ ਖ਼ਰਚ ਉਸਦੇ ਪਿਤਾ ਨੇ ਕੀਤਾ ਸੀ । ਕਿਉਂਕਿ ਰੇਲ ਦੁਆਰਾ ਲਿਆਏ ਜਾਣ ਉੱਤੇ ਮਾਮਲਾ ਅਤੇ ਜਿਆਦਾ ਖਿੱਲਰ ਜਾਣਾ ਸੀ।
ਉੱਚਾਧਿਕਾਰੀ ਦੇ ਸਾਹਮਣੇ ਪੇਸ਼ ਕੀਤੇ ਜਾਣ ਉੱਤੇ ਸੁਧਾ ਨੂੰ ਥੋੜ੍ਹੀ ਆਸ ਬੱਝੀ । ਸੁਧਾ ਨੂੰ ਲੱਗਿਆ ਕਿ ਇਹ ਪੜ੍ਹਿਆ-ਲਿਖਿਆ ਇਨਸਾਨ ਉਸਦੀਆਂ ਭਾਵਨਾਵਾਂ ਨੂੰ ਸਮਝੇਗਾ । ਉਸਨੇ ਰੋ-ਰੋ ਕੇ ਦੱਸਿਆ ਕਿ ਉਹ ਉਦੈ ਨਾਲ ਪਿਆਰ ਕਰਦੀ ਹੈ ਅਤੇ ਉਸੇ ਦੇ ਨਾਲ ਜੀਵਨ ਗੁਜ਼ਾਰਨਾ ਚਾਹੁੰਦੀ ਹੈ । ਉਸਦੇ ਮਾਤਾ - ਪਿਤਾ ਉਦੈ ਨੂੰ ਦੂਜੀ ਜਾਤ ਹੋਣ ਦੇ ਕਾਰਨ ਕਦੇ ਪਸੰਦ ਨਹੀਂ ਕਰਣਗੇ ਇਸ ਲਈ ਉਹ ਉਦੈ ਦੇ ਨਾਲ ਭੱਜ ਗਈ। ਉਸਨੇ ਉਸ ਉੱਚਾਧਿਕਾਰੀ ਨੂੰ ਇਹ ਵੀ ਦੱਸਿਆ ਕਿ ਕਿਸ ਪ੍ਰਕਾਰ ਚੈਟਿੰਗ ਕਰਦੇ ਹੋਏ ਉਸਨੂੰ ਉਦੈ ਨਾਲ ਪਿਆਰ ਹੋ ਗਿਆ । ਉਸਨੇ ਉਦੈ ਦੀ ਫੋਟੋ ਹੀ ਵੇਖੀ ਸੀ ਜੋ ਉਸਨੇ ਸੁਧਾ ਨੂੰ ਈ-ਮੇਲ ਕੀਤੀ ਸੀ , ਉਹ ਉਦੈ ਨੂੰ ਪਹਿਲੀ ਵਾਰ ਭੱਜਣ ਵਾਲੇ ਦਿਨ ਹੀ ਮਿਲੀ ਸੀ । ਜਿਸਨੇ ਵੀ ਸੁਧਾ ਦਾ ਇਹ ਪਿਆਰ-ਪ੍ਰਸੰਗ ਸੁਣਿਆ ਉਹ ਹੈਰਾਨ ਰਹਿ ਗਿਆ । ਕੀ ਅਜਿਹਾ ਵੀ ਪਿਆਰ ਹੁੰਦਾ ਹੈ ? ਲੋਕਾਂ ਦੇ ਸੰਘ ਵਿੱਚ ਨਹੀਂ ਉੱਤਰ ਰਹੀ ਸੀ ਇਹ ਸਿੱਧੀ-ਸਾਦੀ ਪ੍ਰੇਮ ਕਹਾਣੀ । ਉਨ੍ਹਾਂ ਨੇ ਆਪਣੇ ਵੱਲੋਂ ਉਸ ਵਿੱਚ ਮਿਰਚ-ਮਸਾਲਾ ਮਿਲਾਇਆ ।ਚਰਚਾਵਾਂ ਵਿੱਚ ਸੁਧਾ ਦੇ ਪਿਆਰ-ਪ੍ਰਸੰਗ ਦਾ ਸਰੂਪ ਇੰਨਾ ਵਿਗੜਿਆ ਕਿ ਚਾਰੋ ਬੰਨੇ ਸੁਧਾ ਨੂੰ ਹੀ ਕੋਸਿਆ ਜਾਣ ਲਗਾ । ਹਾਲਾਂਕਿ ਉਦੈ ਦੀ ਵੀ ਘੱਟ ਲਾਹ-ਪਾਹ ਨਹੀਂ ਹੋਈ ।
ਸੁਧਾ ਨੂੰ ਦੁੱਖ ਤਾਂ ਇਸ ਗੱਲ ਦਾ ਹੋਇਆ ਕਿ ਉਦੈ ਨੇ ਪੁਲਿਸ ਦੇ ਸਾਹਮਣੇ ਆਪ ਨੂੰ ਸਿੱਧਾ ਅਤੇ ਨਿਰਦੋਸ਼ ਦੱਸਦੇ ਹੋਏ ਸੁਧਾ ਉੱਤੇ ਇਲਜ਼ਾਮ ਜੜ ਦਿੱਤਾ ਕਿ ਉਸਨੇ ਉਦੈ ਨੂੰ ‘ਫਸਾਇਆ’ ਅਤੇ ਘਰ ਤੋਂ ਭੱਜਣ ਦੀ ਯੋਜਨਾ ਬਣਾਈ । ‘ਫਸਾਇਆ’ ਵਰਗਾ ਹੋਛਾ ਸ਼ਬਦ ਸੁਧਾ ਦੇ ਮਨ ਵਿੱਚ ਕੰਡੇ ਵਾਂਗੂੰ ਚੁਭ ਗਿਆ । ਉਸਨੂੰ ਆਪਣੇ ਪਿਆਰ ਪਾਤਰ ਹੋਣ ਉੱਤੇ ਦੁੱਖ ਹੋਣ ਲਗਾ । ਕਿੰਨਾ ਕਮਜੋਰ ਇਨਸਾਨ ਨਿਕਲਿਆ ਉਦੈ? ਇਸਦੇ ਵਿਪਰੀਤ ਸੁਧਾ ਨੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਸਾਹਸਪੂਰਵਕ ਸਵੀਕਾਰ ਕੀਤਾ ਕਿ ਉਹ ਉਦੈ ਨਾਲ ਪ੍ਰੇਮ ਕਰਦੀ ਹੈ ਅਤੇ ਉਸੇ ਦੇ ਨਾਲ ਰਹਿਣਾ ਚਾਹੁੰਦੀ ਹੈ । ਉਸਦੇ ਇਸ ਤਰਾਂ ਸਵੀਕਾਰ ਕਰਨ ਨਾਲ ਸੁਧਾ ਦੇ ਪਿਤਾ ਬੌਖਲਾ ਉੱਠੇ ਸਨ । ਉਹ ਸੁਧਾ ਨੂੰ ਤੱਦ ਤੱਕ ਕੁੱਟਦੇ ਰਹੇ ਜਦੋਂ ਤੱਕ ਸੁਧਾ ਦੀਆਂ ਦੋਨਾਂ ਭੈਣਾਂ ਉਸਨੂੰ ਬਚਾਉਣ ਲਈ ਉਸ ਨਾਲ ਚੁੰਬੜ ਨਹੀਂ ਗਈਆਂ ।
ਸੁਧਾ ਇਸ ਗੱਲ ਤੋਂ ਹੈਰਾਨ ਸੀ ਕਿ ਉਸਦੇ ਪਰਵਾਰ ਵਾਲਿਆਂ ਨੇ ਉਸਦੀ ਪੰਝੀ ਦੀ ਉਮਰ ਨੂੰ ਨਬਾਲਿਗ ਸਤਾਰਾਂ ਦੀ ਉਮਰ ਵਿੱਚ ਕਿਵੇਂ ਬਦਲ ਦਿੱਤਾ ? ਉਂਜ ਇਹ ਕਾਗਜ਼ੀ ਕਾਰਵਾਈ ਵਿੱਚ ਵੀ ਸੀ ਜਾਂ ਸਿਰਫ਼ ਚਰਚਾਵਾਂ ਵਿੱਚ, ਉਸਨੂੰ ਠੀਕ ਤਰਾਂ ਪਤਾ ਨਹੀਂ ਲੱਗ ਸਕਿਆ । ਪਰ ਉਦੈ ਦੇ ਮੁੱਕਰ ਜਾਣ ਦੇ ਬਾਅਦ ਉਸਨੂੰ ਆਪਣੇ ਪਿਤਾ ਦੇ ਘਰ ਵਿੱਚ ਹੀ ਟਿਕਾਣਾ ਮਿਲਣਾ ਸੀ ।
ਉਸ ਘਟਨਾ ਦੇ ਬਾਅਦ ਸੁਧਾ ਦਾ ਘਰ ਤੋਂ ਨਿਕਲਣਾ ਬੰਦ ਕਰ ਦਿੱਤਾ ਗਿਆ । ਉਸਨੂੰ ਮਹਿਮਾਨਾਂ ਦੇ ਸਾਹਮਣੇ ਵੀ ਆਉਣ ਨਹੀਂ ਸੀ ਦਿੱਤਾ ਜਾਂਦਾ । ਘਰ ਦੇ ਅੰਦਰ ਵੀ ਸੁਧਾ ਬੇਗਾਨੀ ਕਰ ਦਿੱਤੀ ਗਈ । ਭੈਣਾਂ ਨੂੰ ਹਿਦਾਇਤ ਸੀ ਕਿ ਉਹ ਸੁਧਾ ਨਾਲ ਗੱਲਬਾਤ ਨਾ ਕਰਨ। ਪਿਤਾ ਸੁਧਾ ਦੇ ਵੱਲ ਵੇਖਦੇ ਹੀ ਨਹੀਂ ਸਨ ਅਤੇ ਮਾਂ ਇਉਂ ਦੇਖਦੀ ਜਿਵੇਂ ਸੁਧਾ ਉਨ੍ਹਾਂ ਦੀ ਕੁੱਖ-ਜਾਈ ਨਹੀਂ, ਕੋਈ ਦੁਸ਼ਮਣ ਹੋਵੇ । ਸੁਧਾ ਨੂੰ ਉਨ੍ਹਾਂ ਸਭ ਦਾ ਸੁਭਾਅ ‘ਓਵਰ ਰਿਏਕਸ਼ਨ’ ਲੱਗਦਾ । ਉਸਨੂੰ ਹਰ ਪਲ ਉਦੈ ਦੀ ਯਾਦ ਆਉਂਦੀ । ਉਦੈ ਦੇ ਨਾਲ ਬਿਤਾਏ ਗਏ ਤਿੰਨ ਦਿਨ ਜਿਨ੍ਹਾਂ ਵਿੱਚੋਂ ਵਿੱਚ ਇੱਕ ਦਿਨ ਯਾਤਰਾ ਵਿੱਚ ਗੁਜਰਿਆ ਸੀ ਅਤੇ ਬਾਕੀ ਦੋ ਦਿਨ ਜੋ ਘਰ ਵਿੱਚ ਗੁਜ਼ਰੇ ਸਨ, ਰੋਮਾਂਚਿਤ ਕਰ ਦੇਣ ਵਾਲੇ ਸਨ । ਤੁਸੀਂ ਜਿਸਦੇ ਨਾਲ ਪਾਗਲਾਂ ਦੀ ਤਰ੍ਹਾਂ ਪ੍ਰੇਮ ਕਰ ਬੈਠੇ ਹੋਵੋ, ਆਜ਼ਾਦ ਰੂਪ ਨਾਲ ਉਸੇ ਦੇ ਨਾਲ ਰਹਿਣ ਦਾ ਮੌਕੇ ਮਿਲ ਜਾਵੇ ਤਾਂ ਇਸਤੋਂ ਵੱਧ ਕੇ ਸੁਖ ਹੋਰ ਕੀ ਹੋ ਸਕਦਾ ਹੈ ?
‘ਏ ਮੇਰੀ ਵਾਈਫ ਹੈ ’ ਉਦੈ ਨੇ ਜਦੋਂ ਮਕਾਨ ਮਾਲਿਕ ਨਾਲ ਜਦੋਂ ਸੁਧਾ ਦੀ ਜਾਣ ਪਹਿਚਾਣ ਕਾਰਵਾਈ ਸੀ ਤਾਂ ਸੁਧਾ ਮਨ ਹੀ ਮਨ ਆਨੰਦਿਤ ਹੋ ਉੱਠੀ ਸੀ । ਕਿੰਨਾ ਅਧਿਕਾਰ, ਕਿੰਨਾ ਅਪਣਾਪਨ ਸੀ ਉਨ੍ਹਾਂ ਸ਼ਬਦਾਂ ਵਿੱਚ । ਉਹ ਇਨ੍ਹਾਂ ਸ਼ਬਦਾਂ ਨੂੰ ਸੁਣਨਾ ਚਾਹੁੰਦੀ ਸੀ । ਉਹ ਆਪਣੇ ਪਿਤਾ ਦੇ ਨਿਰਦੇਸ਼ਾਂ ਉੱਤੇ ਚੱਲ ਕੇ ਐਮ.ਬੀ.ਏ. ਦੀ ਪੜਾਈ ਭਲੇ ਹੀ ਕਰ ਰਹੀ ਸੀ ਪਰ ਮਨ ਹੀ ਮਨ ਉਹ ਗ੍ਰਹਿਸਥ ਜੀਵਨ ਵਿੱਚ ਪਰਵੇਸ਼ ਕਰਨ ਲਈ ਉਤਾਵਲੀ ਸੀ। ਕੰਪਿਊਟਰ ਉੱਤੇ ਸਰਫਿੰਗ ਕਰਦੇ ਹੋਏ ਪੋਰਨ ਸਾਇਟਸ ਉੱਤੇ ਜਾਣ ਦਾ ਚਸਕਾ ਉਸਨੂੰ ਕਦੋਂ ਲਗਾ, ਉਸਨੂੰ ਆਪ ਵੀ ਪਤਾ ਨਹੀਂ । ਉਸਦੇ ਮਾਤਾ-ਪਿਤਾ ਸਮਝਦੇ ਕਿ ਧੀ ਕੰਪਿਊਟਰ ਉੱਤੇ ਪੜਾਈ ਕਰ ਰਹੀ ਹੈ । ਸੁਧਾ ਆਪਣੀ ਭੈਣਾਂ ਦੇ ਪ੍ਰਤੀ ਚੌਕੰਨੀ ਰਹਿੰਦੀ । ਹਰ ਇੱਕ ਚੈਟਿੰਗ ਅਤੇ ਸਰਫਿੰਗ ਦੇ ਬਾਅਦ ਈ-ਮੇਲਸ ਅਤੇ ‘ਹਿਸਟਰੀ’ ਡਿਲੀਟ ਕਰਨਾ ਨਾ ਭੁੱਲਦੀ । ਇਸ ਲਈ ਸੁਧਾ ਅਤੇ ਉਦੈ ਦੀ ਸੱਤ ਮਹੀਨੇ ਲੰਬੀ ਚੈਟਿੰਗ ਦੇ ਬਾਰੇ ਉਸਦੀਆਂ ਭੈਣਾਂ ਨੂੰ ਵੀ ਪਤਾ ਨਹੀਂ ਚੱਲ ਸਕਿਆ। ਉਦੈ ਨੂੰ ਵੀ ਪੋਰਨ ਸਾਇਟਸ ਦਾ ਸ਼ੌਕ ਸੀ । ਉਸਦੇ ਈ-ਮੇਲ ਵਾਸਨਾਮਈ ਗੱਲਾਂ ਵਿੱਚ ਡੂਬੇ ਹੁੰਦੇ । ਸ਼ੁਰੂ-ਸ਼ੁਰੂ ਵਿੱਚ ਸੁਧਾ ਨੂੰ ਸੰਕੋਚ ਹੋਇਆ, ਡਰ ਵੀ ਲੱਗਿਆ ਪਰ ਹੌਲੀ-ਹੌਲੀ ਉਹ ਵੀ ਉਨ੍ਹਾਂ ਗੱਲਾਂ ਵਿੱਚ ਰਸ ਲੈਣ ਲੱਗੀ । ਪੰਝੀ ਸਾਲ ਦੀ ਉਮਰ ਅਜਿਹੀਆਂ ਗੱਲਾਂ ਨੂੰ ਸੁਨਿਹਰੇ ਸੁਪਨਿਆਂ ਵਿੱਚ ਬਦਲਣ ਵਿੱਚ ਸਮਰੱਥ ਹੁੰਦੀ ਹੈ । ਸੁਧਾ ਦੇ ਨਾਲ ਵੀ ਇਹੀ ਹੋਇਆ । ਉਸਨੂੰ ਉਦੈ ਦੇ ਨਾਲ ਆਪਣਾ ਭਵਿੱਖ ਕਿਸੇ ਰੋਮਾਂਟਿਕ ਫਿਲਮ ਦੀ ਤਰ੍ਹਾਂ ਪਿਆਰ ਅਤੇ ਸੈਕਸ ਨਾਲ ਭਰਪੂਰ ਵਿਖਾਈ ਦੇਣ ਲਗਾ ।
ਉਦੈ ਨੇ ਜਦੋਂ ਉਸਨੂੰ ਆਪਣੇ ਨਾਲ ਭੱਜ ਜਾਣ ਲਈ ਕਿਹਾ ਤਾਂ ਉਹ ਕਿਸੇ ਮੁਟਿਆਰ ਦੀ ਤਰ੍ਹਾਂ ਖੁਸ਼ੀ ਨਾਲ ਤਿਆਰ ਹੋ ਗਈ । ਉਸ ਸਮੇਂ ਉਸਨੂੰ ਲੋਕ, ਸਮਾਜ, ਪਰਵਾਰ ਕਿਸੇ ਦਾ ਵੀ ਧਿਆਨ ਨਹੀਂ ਆਇਆ । ਪਿਆਰ ਇਨ੍ਹਾਂ ਸਭ ਗੱਲਾਂ ਦਾ ਧਿਆਨ ਰੱਖਦਾ ਵੀ ਨਹੀਂ ਹੈ, ਸ਼ਾਇਦ ਇਸੇ ਲਈ ਇਸ ਨੂੰ ਅੰਨ੍ਹਾ ਕਿਹਾ ਜਾਂਦਾ ਹੈ । ਪਰ ਅਜਿਹੇ ਮੁਹਾਵਰੇ ਕਿਤਾਬਾਂ ਦੇ ਪੰਨਿਆਂ ਉੱਤੇ ਜਾਂ ਫਿਲਮਾਂ ਵਿੱਚ ਹੀ ਚਟਖਾਰੇ ਲੈ ਕੇ ਦੋਹਰਾਏ ਜਾਂਦੇ ਹਨ, ਅਸਲ ਜ਼ਿੰਦਗੀ ਵਿੱਚ ਇਨ੍ਹਾਂ ਤੋਂ ਮੂੰਹ ਚੁਰਾਇਆ ਜਾਂਦਾ ਹੈ । ਪਿਆਰ ਕਿਨ੍ਹਾਂ ਦੇ ਵਿੱਚ ਉਚਿਤ ਹੈ, ਇਹ ਸਮਾਜ ਤੈਅ ਕਰਦਾ ਹੈ, ਪਰਵਾਰ ਤੈਅ ਕਰਦਾ ਹੈ, ਪ੍ਰੇਮੀ ਨਹੀਂ ।
ਦੋ ਦਿਨ-ਦੋ ਰਾਤਾਂ ਉਦੈ ਦੀ ਪਤਨੀ ਬਣ ਕੇ ਰਹਿਣ ਦਾ ਸੁਖ ਸੁਧਾ ਦੇ ਸਰੀਰ-ਮਨ ਵਿੱਚ ਰਚ-ਬਸ ਗਿਆ ਸੀ। ਇਸ ਸੁਖ ਨੇ ਉਸਨੂੰ ਵਾਰ-ਵਾਰ ਪ੍ਰੇਰਿਤ ਕੀਤਾ ਕਿ ਉਹ ਉਦੈ ਨੂੰ ਪੁਲਿਸ ਦੇ ਸ਼ਕੰਜੇ ਤੋਂ ਬਚਾ ਲਵੇ ਅਤੇ ਆਪਣੇ ਮਾਤਾ-ਪਿਤਾ ਦੇ ਫ਼ੈਸਲੇ ਦਾ ਵਿਰੋਧ ਕਰੇ । ਉਸਨੂੰ ਵਿਸ਼ਵਾਸ ਸੀ ਕਿ ਉਦੈ ਜੋ ਦਾਵੇ ਕਰਦਾ ਸੀ ਉਨ੍ਹਾਂ ਨੂੰ ਪੂਰਾ ਕਰੇਗਾ ਅਤੇ ਜਨਮ-ਜਨਮਾਂਤਰ ਉਸਨੂੰ ਆਪਣੇ ਨਾਲ ਰੱਖੇਗਾ । ਉਹ ਉਦੈ ਤੋਂ ਵੱਖ ਹੋ ਤੜਫ ਰਹੀ ਸੀ, ਉਦੈ ਨਾਲ ਗੱਲ ਕਰਨ ਦੇ ਲਈ । ਉਸਨੂੰ ਇਹ ਵੀ ਵਿਸ਼ਵਾਸ ਹੋ ਚੱਲਿਆ ਸੀ ਕਿ ਪੁਲਿਸ ਦੇ ਦਬਾਅ ਵਿੱਚ ਆ ਕਰ ਉਦੈ ਨੇ ਉਸਦਾ ਸਾਥ ਛੱਡਿਆ ਹੈ, ਦਬਾਅ ਤੋਂ ਬਾਹਰ ਆਉਂਦੇ ਹੀ ਉਹ ਇੱਕ ਵਾਰ ਫਿਰ ਉਸਦਾ ਹੱਥ ਫੜ ਲਵੇਗਾ । ਜਿੱਥੇ ਲੋਕਾਂ ਦੀ ਨਜ਼ਰ ਵਿੱਚ ਸੁਧਾ ਦਾ ਚਾਲ ਚਲਣ ਉਸ ਅਣਪੜ੍ਹ , ਉਜੱਡ ਅਵਾਰਾ ਕੁੜੀ ਦੀ ਤਰ੍ਹਾਂ ਸੀ ਜਿਸਨੂੰ ਆਪਣੇ ਪਰਵਾਰ ਦੀ ਇੱਜਤ ਦਾ ਜਰਾ ਵੀ ਖ਼ਿਆਲ ਨਹੀਂ ਸੀ ਉਥੇ ਹੀ ਸੁਧਾ ਅਜਿਹੇ ਵਿਚਾਰਾਂ ਤੋਂ ਪਰੇ ਆਪਣੇ ਕਾਲਪਨਿਕ ਪਿਆਰ ਲਈ ਜੂਝ ਰਹੀ ਸੀ ।
‘ਏਕ ਵਾਰ-ਸਿਰਫ਼ ਇੱਕ ਵਾਰ ਉਦੈ ਨਾਲ ਮੇਰੀ ਗੱਲ ਕਰਵਾ ਦੇ ! ’ ਸੁਧਾ ਨੇ ਆਪਣੇ ਮਮੇਰੇ ਭਰਾ ਅੱਗੇ ਗਿੜਗੜਾ ਦੇ ਬੇਨਤੀ ਕੀਤੀ ਸੀ । ਉਸ ਸਮੇਂ ਉਦੈ ਜ਼ਮਾਨਤ ਉੱਤੇ ਛੁੱਟ ਕੇ ਆਪਣੇ ਸ਼ਹਿਰ ਪਰਤ ਚੁੱਕਿਆ ਸੀ ਪਰ ਸੁਧਾ ਤੋਂ ਉਸਦਾ ਮੋਬਾਈਲ ਫੋਨ ਖੋਹਿਆ ਜਾ ਚੁੱਕਿਆ ਸੀ ।
ਮਮੇਰੇ ਭਰਾ ਦਾ ਦਿਲ ਪਸੀਜ ਗਿਆ । ਉਸਨੇ ਆਪਣੇ ਦੋਸਤ ਦੇ ਮੋਬਾਈਲ ਤੋਂ ਉਦੈ ਨੂੰ ਫੋਨ ਕੀਤਾ । ਉਹ ਨੰਬਰ ਉਦੈ ਦਾ ਨਹੀਂ ਸੀ, ਉਸਦੇ ਦੋਸਤ ਦਾ ਸੀ । ਇਹ ਨੰਬਰ ਉਸਨੂੰ ਉਦੈ ਨੇ ਹੀ ਇੱਕ ਵਾਰ ਦਿੱਤਾ ਸੀ । ਸੁਧਾ ਨੂੰ ਅਨੁਮਾਨ ਸੀ ਕਿ ਉਦੈ ਤੋਂ ਵੀ ਉਸਦਾ ਮੋਬਾਈਲ ਪੁਲਿਸ ਨੇ ਖੋਹ ਲਿਆ ਹੋਵੇਗਾ । ਕੁੱਝ ਘੰਟੇ ਬਾਅਦ ਉਦੈ ਦੇ ਦੋਸਤ ਨੇ ਉਦੈ ਨਾਲ ਸੁਧਾ ਦੀ ਗੱਲ ਕਰਾ ਦਿੱਤੀ ।
‘ਯੂ ਬਿਚ . . . ਮੇਰਾ ਪਿੱਛਾ ਛੱਡ ਦੇ !’ ਇਸ ਵਾਕ ਨਾਲ ਉਦੈ ਨੇ ਗੱਲ ਸ਼ੁਰੂ ਕੀਤੀ ਅਤੇ ਗੱਲਾਂ ਦਾ ਅੰਤ ਵੀ ‘ਯੂ ਬਿਚ’ ਉੱਤੇ ਹੀ ਹੋਇਆ । ਉਸ ਪਲ ਦੇ ਬਾਅਦ ਸੁਧਾ ਦਾ ਸਮੁੱਚਾ ਅਸਤੀਤਵ ਜਿਵੇਂ ਤਾਰ-ਤਾਰ ਹੋ ਗਿਆ । ਉਸਦਾ ਮਨ ਟੁੱਟ ਕੇ ਕਿਰਚਾਂ ਵਿੱਚ ਵੰਡਿਆ ਗਿਆ । ਅਜਿਹੀਆਂ ਕਿਰਚਾਂ ਵਿੱਚ ਜੋ ਜੀਵਨ ਭਰ ਉਸਦੇ ਚੁਭਦੀਆਂ ਰਹਿਣਗੀਆਂ। ਉਸਨੇ ਆਪਣੇ ਮਾਤਾ-ਪਿਤਾ ਦੇ ਅੱਗੇ ਸਮਰਪਣ ਕਰ ਦਿੱਤਾ । ਹੁਣ ਉਸਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ ਕਿ ਉਸਦਾ ਵਿਆਹ ਕਿੱਥੇ ਅਤੇ ਕਿਸਦੇ ਨਾਲ ਕੀਤਾ ਜਾਵੇਗਾ ।
ਭਾਵੇਂ ਸੁਧਾ ਦਾ ਨਾਮ ਨਹੀਂ ਛਾਪਿਆ ਗਿਆ ਸੀ ਪਰ ਉਸਦੇ ਪਿਤਾ ਦੇ ਸੰਦਰਭ ਦੇ ਦੇ ਕੇ ਸੁਧਾ ਦਾ ਘਰ ਤੋਂ ਭੱਜਣਾ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਿਆ ਸੀ ਅਤੇ ਉਸ ਸ਼ਹਿਰ ਜਾਂ ਉਸਦੇ ਆਲੇ ਦੁਆਲੇ ਦੇ ਖੇਤਰ ਵਿੱਚ ਤਾਂ ਉਸਦਾ ਵਿਆਹ ਹੋ ਨਹੀਂ ਸਕਣਾ ਸੀ ਇਸ ਲਈ ਦੂਰ-ਦਰਾਜ਼ ਦਾ ਰਿਸ਼ਤਾ ਲੱਭਿਆ ਜਾਣ ਲੱਗਿਆ । ਡੇਢ ਸਾਲ ਦੀ ਅਣਥਕ ਭੱਜ ਦੌੜ ਤੋਂ ਬਾਅਦ ਸੁਧਾ ਦੇ ਪਿਤਾ ਸੁਧਾ ਲਈ ਰੀਤੇਸ਼ ਦਾ ਰਿਸ਼ਤਾ ਲਭਣ ਵਿੱਚ ਸਫਲ ਰਹੇ । ਰਿਸ਼ਤਾ ਪੱਕਾ ਹੁੰਦੇ ਹੀ, ਰੀਤੇਸ਼ ਦੇ ਸ਼ਹਿਰ ਵਿੱਚ ਜਾ ਕੇ ਆਨਨ - ਫਾਨਨ ਵਿੱਚ ਵਿਆਹ ਕਰ ਦਿੱਤਾ ਗਿਆ । ਸੁਧਾ ਦੇ ਸੁਪਨਿਆਂ ਦਾ ਮਹਿਲ ਤਾਂ ਡੇਢ ਸਾਲ ਪਹਿਲਾਂ ਹੀ ਢਹਿ ਚੁੱਕਿਆ ਸੀ । ਹੁਣ ਉਸਨੂੰ ਆਪਣੇ ਸੁਪਨਿਆਂ ਦੇ ਮਲਬੇ ਉੱਤੇ ਆਪਣਾ ਭਾਵੀ ਸੰਸਾਰ ਸਜਾਉਣਾ ਸੀ ।
‘ਤੂੰ ਉਸਦੇ ਨਾਲ ਹਫ਼ਤਾ ਭਰ ਰਹੀ ਤਾਂ ਉਸਨੇ ਤੇਰੇ ਨਾਲ ਸਭ ਕੁੱਝ ਕੀਤਾ ਹੋਵੇਗਾ, ਹੈ ਨਾ ! ’ ਰੀਤੇਸ਼ ਨੇ ਸੁਹਾਗਰਾਤ ਨੂੰ ਪਹਿਲਾ ਪ੍ਰਸ਼ਨ ਇਹੀ ਕੀਤਾ ਸੀ ।
ਸੁਧਾ ਦਾ ਮਨ ਕੀਤਾ ਕਿ ਕਹੇ, ਉਹ ਹਫ਼ਤਾ ਭਰ ਨਹੀਂ ਸਗੋਂ ਸਿਰਫ਼ ਦੋ ਰਾਤਾਂ ਉਦੈ ਦੇ ਨਾਲ ਰਹੀ ਸੀ । ਪਰ ਇਹ ਕਹਿਣ ਦਾ ਕੋਈ ਫਾਇਦਾ ਨਹੀਂ ਸੀ, ਇੱਕ ਰਾਤ, ਦੋ ਰਾਤ ਜਾਂ ਇੱਕ ਹਫ਼ਤਾ....ਸਭ ਬਰਾਬਰ ਸੀ ਉਸਨੂੰ ‘ਬਦਚਲਨ’ ਠਹਿਰਾਉਣ ਦੇ ਲਈ । ਕਿਸੇ ਲਈ ਇਹ ਮਹੱਤਵਪੂਰਣ ਨਹੀਂ ਸੀ ਕਿ ਉਦੈ ਚਾਹੇ ਜਿਸ ਭਾਵਨਾ ਨਾਲ ਉਸ ਨਾਲ ਜੁੜਿਆ ਹੋਵੇ ਪਰ ਉਹ ਤਾਂ ਪਿਆਰ ਅਤੇ ਸਿਰਫ਼ ਪਿਆਰ ਦੀ ਭਾਵਨਾ ਦੇ ਅਧੀਨ ਹੀ ਉਸ ਨਾਲ ਇੱਕ ਹੋਈ ਸੀ । ਰੀਤੇਸ਼ ਲਈ ਤਾਂ ਹੋਰ ਵੀ ਕੋਈ ਮਤਲਬ ਨਹੀਂ ਸੀ ਇਸ ਸਚਾਈ ਦਾ । ਰੀਤੇਸ਼ ਤਾਂ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਸੀ ਅਤੇ ਸਪੱਸ਼ਟ ਸ਼ਬਦਾਂ ਵਿੱਚ ਜਤਾਉਂਦਾ ਵੀ ਸੀ ਕਿ ਉਹ ‘ਮਹਾਨ ਉਦਾਰ’ ਵਿਅਕਤੀ ਹੈ ਜਿਸਨੇ ਸੁਧਾ ਵਰਗੀ ‘ਵਿਗੜੀ’ ‘ਪਤਿਤਾ’ ਦਾ ‘ਉੱਧਾਰ’ ਕੀਤਾ ਸੀ। ਰੀਤੇਸ਼ ਦੀ ਇਸ ਮਹਾਨਤਾ ਦੇ ਜ਼ਹਿਰ ਨੂੰ ਚੁਪਚਾਪ ਪੀਂਦੇ ਰਹਿਣ ਤੋਂ ਇਲਾਵਾ ਸੁਧਾ ਦੇ ਕੋਲ ਹੋਰ ਕੋਈ ਰਸਤਾ ਵੀ ਤਾਂ ਨਹੀਂ ਸੀ ।
ਸੁਧਾ ਨੂੰ ਰੀਤੇਸ਼ ਦੇ ਸੁਭਾਅ ਉੱਤੇ ਜੇਕਰ ਕਦੇ ਮਲਾਲ ਹੁੰਦਾ ਵੀ ਤਾਂ ਉਸਨੂੰ ਇਸਦੇ ਨਾਲ ਹੀ ਇਸ ਗੱਲ ਦਾ ਵਿਚਾਰ ਆਉਂਦਾ ਕਿ ਜੇਕਰ ਉਹ ਉਦੈ ਦੇ ਨਾਲ ਘਰੋਂ ਨਾ ਭੱਜਦੀ ਤਾਂ ਕੀ ਉਸਦੇ ਦੂਜੀ ਜਾਤ-ਪ੍ਰੇਮ ਨੂੰ ਉਸਦੇ ਪਿਤਾ ਸਵੀਕਾਰ ਕਰਦੇ ? ਕੀ ਉਦੈ ਦੇ ਨਾਲ ਉਸਦਾ ਵਿਆਹ ਕਰਦੇ ? ਉਦੈ ਦੇ ਬੇਵਫ਼ਾ ਨਿਕਲਣ ਉੱਤੇ ਸੁਧਾ ਦਾ ਸਾਥ ਦਿੰਦੇ ? ਸ਼ਾਇਦ ਤੱਦ ਉਦੈ ਬੇਵਫਾਈ ਕਰ ਵੀ ਨਹੀਂ ਪਾਉਂਦਾ ਜਾਂ ਫਿਰ ਸਮਾਂ ਰਹਿੰਦੇ ਸੁਧਾ ਨੂੰ ਗਿਆਨ ਹੋਣ ਦਾ ਮੌਕਾ ਮਿਲ ਜਾਂਦਾ । ਨਹੀਂ ! ਉਸ ਭਰੇ-ਪੂਰੇ ਪਰਿਵਾਰ ਵਿੱਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਰਿਵਾਜ਼ ਸੀ ਹੀ ਕਿੱਥੇ ? ਕੁੜੀ ਤਾਂ ਪਰੰਪਰਾਗਤ ਰੂਪ ਵਿਚ ਘਰੇਲੂ ਕੰਮ-ਕਾਜ ਕਰਨ, ਪੜ੍ਹਨ-ਲਿਖਣ, ਵਿਆਹੁਣ ਅਤੇ ਉਸਦੇ ਬਾਅਦ ਬੱਚੇ ਪੈਦਾ ਕਰਨ ਲਈ ਹੁੰਦੀ ਹੈ । ਉਸ ਵਿੱਚ ਭਾਵਨਾਵਾਂ ਹੁੰਦੀਆਂ ਹੀ ਕਿੱਥੇ ਹਨ ? ਜੇਕਰ ਭਾਵਨਾਵਾਂ ਦਾ ਅਹਿਸਾਸ ਹੋਵੇ ਤਾਂ ਚੰਗੀਆਂ ਜਾਂ ਬੁਰੀਆਂ ਭਾਵਨਾਵਾਂ ਦਾ ਪਤਾ ਲੱਗੇ । ਸੁਧਾ ਵਰਗੀ ਕੁੜੀਆਂ ਉੱਤੇ ਜਵਾਨੀ ਦਾ ਪ੍ਰਭਾਵ ਸਿਰਫ਼ ਵਿਆਹ ਦੀ ਉਮਰ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ, ਉਹੀ ਤਾਂ ਵੇਖਿਆ ਜਾਣਾ ਸੀ ਕਿ ਇਸ ਤੋਂ ਪਹਿਲਾਂ ਹੀ ਸੁਧਾ ਘਰੋਂ ਭੱਜ ਨਿਕਲੀ ਸੀ । ਜਵਾਨੀ ਨੇ ਉਸਦੇ ਮਨ-ਮਸਤਕ ਉੱਤੇ ਹਮਲਾਵਰ ਢੰਗ ਨਾਲ ਦਸਤਕ ਜੋ ਦੇ ਦਿੱਤੀ ਸੀ ।
‘ਘਰ ਤੋਂ ਭੱਜੀ ਕੁੜੀ ’ ਦਾ ਠੱਪਾ ਲਵਾ ਕੇ ਜਿਉਂ ਰਹੀ ਸੁਧਾ ਦੇ ਸਾਹਮਣੇ ਹੁਣ ਇਹ ਪ੍ਰਸ਼ਨ ਮੂੰਹ ਅੱਡੀ ਆ ਖੜ੍ਹਾ ਹੋਇਆ ਸੀ ਕਿ ਉਸਦੀ ਕੁੱਖ ਵਿੱਚ ਧੀ ਹੈ ਜਾਂ ਪੁੱਤਰ? ਜੇਕਰ ਪੁੱਤਰ ਹੈ ਤਾਂ ਰੀਤੇਸ਼ ਉਸਨੂੰ ਆਪਣੇ ਵਰਗਾ ‘ਸਦਾਚਾਰੀ’ ਮੰਨੇਗਾ ਅਤੇ ਜੇ ਕਿਤੇ ਧੀ ਹੋਈ ਤਾਂ ਸੁਧਾ ਵਰਗੀ ‘ਦੁਰਾਚਾਰਿਣੀ’ । ਪੁੱਤਰ ਜੇਕਰ ਆਪਣੇ ਪਿਤਾ ਦੀ ਤਰ੍ਹਾਂ ਦਰਜਨਾਂ ਕੁੜੀਆਂ ਨਾਲ ‘ਫਲਰਟ’ ਕਰੇਗਾ, ਆਪਣੀ ਪਤਨੀ ਨੂੰ ਜਾਨੋਂ ਮਾਰ ਦੇਵੇਗਾ ਤਾਂ ਕੋਈ ਗੱਲ ਨਹੀਂ ਲੇਕਿਨ ਇੱਜਤ ਦਾ ਸਵਾਲ ਨਹੀਂ ਬਣੇਗਾ ! ਜਦੋਂ ਕਿ ਘਰ ਤੋਂ ਭੱਜੀ ਹੋਈ ਕੁੜੀ ਦੀ ਧੀ ਵੀ ਘਰ ਤੋਂ ਭੱਜ ਜਾਵੇਗੀ ।
ਜੇਕਰ ਜਾਂਚ ਨਹੀਂ ਹੋ ਸਕੀ ਤਾਂ ? ਯਾਨੀ ਪਤਾ ਨਾ ਲੱਗ ਸਕਿਆ ਕਿ ਕੀ ਹੋਣ ਵਾਲਾ ਹੈ ਤਾਂ ਕੀ ਰੀਤੇਸ਼ ਉਸਦੀ ਕੁੱਖ ਵਿੱਚ ਠਹਿਰਣ ਵਾਲੇ ਹਰ ਬੱਚੇ ਨੂੰ ਗਿਰਵਾਉਂਦਾ ਰਹੇਗਾ ? ਨਹੀਂ, ਇਹ ਨਹੀਂ ਹੋਣ ਦੇਵੇਗੀ ਉਹ ! ਸੁਧਾ ਦੇ ਅੰਦਰ ਸੁੱਤੀ ਹੋਈ ਘਰ ਤੋਂ ਭੱਜਣ ਵਾਲੀ ਕੁੜੀ ਵਾਲਾ ਸਾਹਸ ਅਚਾਨਕ ਜਾਗ ਉੱਠਿਆ । ਉਸਨੇ ਉਸੇ ਪਲ ਤੈਅ ਕਰ ਲਿਆ ਕਿ ਜਾਂ ਤਾਂ ਰੀਤੇਸ਼ ਉਸਨੂੰ ਘਰ ਵਿਚੋਂ ਧੱਕੇ ਮਾਰ ਕਰ ਕੱਢ ਦੇਵੇ ਜਾਂ ਫਿਰ ਇਸ ਪਹਿਲੇ ਬੱਚੇ ਨੂੰ ਜਨਮ ਦੇਣ ਦੇਵੇ, ਚਾਹੇ ਉਹ ਧੀ ਹੀ ਕਿਉਂ ਨਾ ਹੋਵੇ! ਘੱਟੋ ਘੱਟ ਉਸਦੀ ਧੀ ਨੂੰ ਤਾਂ ਅਜਿਹਾ ਦੁੱਖਾਂ ਭਰਿਆ ਜੀਵਨ ਨਹੀਂ ਜਿਉਣਾ ਪਵੇਗਾ, ਉਹ ਆਪ ਖੜੀ ਰਹੇਗੀ ਆਪਣੀ ਧੀ ਦੇ ਨਾਲ । ਉਸਦੇ ਕਿਸੇ ਵੀ ਕ਼ਦਮ ਨੂੰ ਗ਼ਲਤ ਹੋਣ ਹੀ ਨਹੀਂ ਦੇਵੇਗੀ ।
‘ਤਨ ਵਿੱਚ ਅਜਿਹੀ ਹੀ ਅੱਗ ਲੱਗੀ ਸੀ ਤਾਂ ਮੈਨੂੰ ਦੱਸਦੀ.....ਨੱਕ ਕਟਵਾ ਕੇ ਰੱਖ ਦਿੱਤੀ ਸਾਡੀ ! ’ ਮਾਂ ਨੇ ਸੁਧਾ ਨੂੰ ਲਤਾੜਿਆ ਸੀ । ਪਰ ਉਸੇ ਮਾਂ ਨੇ ਸੁਧਾ ਨੂੰ ਉਸ ‘ਅੱਗ’ ਦੀ ਭਲਾਈ ਬੁਰਾਈ ਵੀ ਤਾਂ ਨਹੀਂ ਸਮਝਾਈ ਸੀ ਕਦੇ । ਉਸ ਘਰ ਵਿੱਚ ਇਹ ਇੱਕ ਅਜਿਹਾ ਵਿਸ਼ਾ ਸੀ ਜਿਸ ਉੱਤੇ ਮਾਂ-ਧੀ ਦੇ ਵਿੱਚ ਵੀ ਚਰਚਾ ਨਹੀਂ ਹੋ ਸਕਦੀ ਸੀ । ਉਹ ਮਾਂ ਨੂੰ ਭਲਾ ਕੀ ਦੱਸਦੀ ਅਤੇ ਕਿਵੇਂ ਦੱਸਦੀ ?
ਉਸਦੀ ਮਾਂ ਤਾਂ ਉਸਦੀ ਸਹੇਲੀ ਬਣ ਨਹੀਂ ਸਕੀ ਪਰ ਉਹ ਆਪਣੀ ਧੀ ਦੀ ਸਹੇਲੀ ਬਣ ਕੇ ਕਰ ਉਸਨੂੰ ਪਿਆਰ ਦੀ ਸੱਚਾਈ ਨੂੰ ਪਰਖਣ ਵਿੱਚ ਉਸਦੀ ਮਦਦ ਕਰੇਗੀ......ਘੱਟੋ ਘੱਟ ਉਸਦੀ ਧੀ ਤਾਂ ਉਸਨੂੰ ਇਸ ਗੱਲ ਲਈ ਨਹੀਂ ਫਿਟਕਾਰੇਗੀ ਕਿ ਉਹ ਘਰ ਤੋਂ ਭੱਜੀ ਹੋਈ ਕੁੜੀ ਸੀ.....ਇੱਕ ਪੀੜ੍ਹੀ ਦਾ ਫਰਕ ਉਸਨੂੰ ਇਸ ਦੁੱਖ ਵਿੱਚੋਂ ਉਬਾਰ ਲਵੇਗਾ.....ਮਨ ਵਿੱਚ ਇਹ ਵਿਚਾਰ ਆਉਂਦੇ ਹੀ ਸੁਧਾ ਨੂੰ ਮਹਿਸੂਸ ਹੋਇਆ ਜਿਵੇਂ ਉਸਦੇ ਦੋ ਹਫ਼ਤੇ ਦੇ ਲੱਗਭੱਗ ਨਿਰਾਕਾਰ ਗਰਭ ਨੇ ਉਸਦੀ ਕੁੱਖ ਵਿੱਚ ਅੰਗੜਾਈ ਲਈ ਹੋਵੇ.......ਅਤੇ ਉਹ ਮਮਤਾ ਦੇ ਸੁਖ ਨਾਲ ਮੁਸਕਰਾ ਪਈ !
- - - - - - - - - - - - - - - - - - - - - - - - - - -
98142 31698
( ਛਪ ਰਹੀ ਪੁਸਤਕ ‘ ਅੱਧੇ ਆਕਾਸ਼ ਦਾ ਇੰਦਰਧਨੁਸ਼’ ਵਿੱਚੋਂ.....)
No comments:
Post a Comment